ਜ਼ੀਰਕਪੁਰ ਦੇ ਨਿੱਜੀ ਸਕੂਲ ਦੇ 12ਵੀਂ ਜਮਾਤ ਦੇ 18 ਸਾਲਾ ਵਿਦਿਆਰਥੀ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਜਾਣ ਨਾਲ ਪਰਿਵਾਰ ‘ਚ ਸੋਗ ਦੀ ਲਹਿਰ ਹੈ | ਸਕੂਲ ਪ੍ਰਸ਼ਾਸਨ ਮੁਤਾਬਕ ਵਿਦਿਆਰਥੀ ਨੂੰ ਚੱਕਰ ਆਇਆ ਅਤੇ ਉਹ ਜ਼ਮੀਨ ‘ਤੇ ਡਿੱਗ ਪਿਆ। ਜਦੋਂ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜਾਣਕਾਰੀ ਅਨੁਸਾਰ ਜ਼ੀਰਕਪੁਰ ਦੇ ਨਿੱਜੀ ਸਕੂਲ ‘ਚ ਦੁਪਹਿਰ 12 ਵਜੇ ਦੇ ਕਰੀਬ 12ਵੀਂ ਜਮਾਤ ਦੇ ਵਿਦਿਆਰਥੀ ਪਰਮਦੀਪ ਸਿੰਘ ਨੂੰ ਅਚਾਨਕ ਪ੍ਰਿੰਸੀਪਲ ਦੇ ਦਫਤਰ ਦੇ ਸਾਹਮਣੇ ਚੱਕਰ ਆਇਆ ਅਤੇ ਬੇਹੋਸ਼ ਹੋ ਕੇ ਜ਼ਮੀਨ ‘ਤੇ ਡਿੱਗ ਪਿਆ। ਜਿਸ ਦੀ ਸੂਚਨਾ ਤੁਰੰਤ ਪਰਮਦੀਪ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ ਗਈ। ਇਸ ਤੋਂ ਬਾਅਦ ਪਰਮਦੀਪ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ। ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ GMCH ਰੈਫਰ ਕਰ ਦਿੱਤਾ ਅਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
18 ਸਾਲਾ ਪਰਮਦੀਪ ਦੀ ਮੌਤ ਤੋਂ ਬਾਅਦ ਸਕੂਲ ਅਤੇ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਦੇ ਮਾਤਾ-ਪਿਤਾ, ਭੈਣ ਅਤੇ ਦਾਦੇ ਦੇ ਹੰਝੂ ਨਹੀਂ ਰੁਕ ਰਹੇ। ਪਰਮਦੀਪ ਆਪਣੀ ਵੱਡੀ ਭੈਣ ਦਾ ਇਕਲੌਤਾ ਭਰਾ ਸੀ। ਭੈਣ ਨੇ ਵਿਰਲਾਪ ਕਰਦਿਆਂ ਕਿਹਾ ਕਿ ਹੁਣ ਉਹ ਕਿਸ ਨੂੰ ਰੱਖੜੀ ਬੰਨ੍ਹੇਗੀ। ਉਧਰ ਪਰਮਦੀਪ ਦੇ ਦਾਦਾ ਕਰਮ ਸਿੰਘ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਪਰਮ ਚਿੱਟੇ ਕੱਪੜੇ ਪਾ ਕੇ ਸਕੂਲ ਗਿਆ ਸੀ, ਮੈਨੂੰ ਨਹੀਂ ਪਤਾ ਸੀ ਕਿ ਮੇਰਾ ਪੋਤਾ ਕਦੇ ਘਰ ਨਹੀਂ ਪਰਤੇਗਾ। ਬਾਰ-ਬਾਰ ਉਸ ਦੇ ਦਾਦਾ ਜੀ ਗੇਟ ‘ਤੇ ਖੜ੍ਹੇ ਹੋ ਕੇ ਪੁੱਛ ਰਹੇ ਸਨ ਕਿ ਮੇਰਾ ਪਰਮ ਅਜੇ ਘਰ ਨਹੀਂ ਪਹੁੰਚਿਆ, ਮੇਰਾ ਪਰਮ ਕਦੋਂ ਆਵੇਗਾ। ਪਰਿਵਾਰ ਦਾ ਬੁਰਾ ਹਾਲ ਹੈ।