ਜਲੰਧਰ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਯੂਰੀਆ ਤੇ ਡੀਏਪੀ ਖਾਦਾਂ ਦੀ ਕੋਈ ਦਿੱਕਤ ਨਹੀਂ ਆਏਗੀ। ਪ੍ਰਸ਼ਾਸਨ ਨੇ ਹਾੜ੍ਹੀ ਦੇ ਸੀਜ਼ਨ ਲਈ ਖਾਦ ਦਾ ਪੂਰਾ ਬੰਦੋਬਸਤ ਕਰ ਲਿਆ ਹੈ। ਇਸ ਬਾਰੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਹਾੜ੍ਹੀ 2022-23 ਲਈ ਲੋੜੀਂਦੀ ਮਾਤਰਾ ਵਿੱਚ ਕਿਸਾਨਾਂ ਨੂੰ ਯੂਰੀਆ ਤੇ ਡੀਏਪੀ ਖਾਦਾਂ ਸਪਲਾਈ ਕੀਤੀਆਂ ਜਾ ਰਹੀਆਂ ਹਨ ਤੇ ਆਉਂਦੇ ਕੁਝ ਦਿਨਾਂ ਵਿੱਚ ਸਪਲਾਈ ਹੋਰ ਤੇਜ਼ ਹੋ ਜਾਵੇਗੀ।
ਉਨ੍ਹਾਂ ਨੇ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਲਈ ਸਮੇਂ ਸਿਰ ਇਨ੍ਹਾਂ ਖਾਦਾਂ ਦੀ ਉਪਲੱਬਧਤਾ ਨੂੰ ਪਹਿਲਾਂ ਵਾਂਗ ਯਕੀਨੀ ਬਣਾ ਕੇ ਰੱਖਣ। ਡਿਪਟੀ ਕਮਿਸ਼ਨਰ ਨੇ ਸਹਿਕਾਰੀ ਸਭਾਵਾਂ, ਸਬੰਧਤ ਏਜੰਸੀਆਂ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਇਸ ਗੱਲ ’ਤੇ ਤਸੱਲੀ ਪ੍ਰਗਟਾਈ ਕਿ ਜ਼ਿਲ੍ਹੇ ਅੰਦਰ 244 ਸਹਿਕਾਰੀ ਸਭਾਵਾਂ ਰਾਹੀਂ ਯੂਰੀਆ ਦੀ 65.84 ਫ਼ੀਸਦੀ ਅਤੇ ਡੀਏਪੀ ਦੀ 73.14 ਫੀਸਦੀ ਸਪਲਾਈ ਮੁਕੰਮਲ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਲੋੜ ਅਨੁਸਾਰ ਰਹਿੰਦੀ ਸਪਲਾਈ ਵੀ ਪਹਿਲਾਂ ਵਾਂਗ ਸੁਚੱਜੇ ਢੰਗ ਨਾਲ ਕਿਸਾਨਾਂ ਨੂੰ ਉਪਲੱਬਧ ਕਰਵਾਈ ਜਾਵੇ ਤਾਂ ਜੋ ਹਾੜ੍ਹੀ 2022-23 ਦੀਆਂ ਫ਼ਸਲਾਂ ਦੀ ਕਾਸ਼ਤ ਵਧੀਆ ਤਰੀਕੇ ਨਾਲ ਹੋ ਸਕੇ। ਦੱਸ ਦਈਏ ਕਿ ਪੰਜਾਬ ਵਿੱਚ ਕਈ ਥਾਵਾਂ ਉੱਪਰ ਖਾਦ ਦੀ ਘਾਟ ਦੀਆਂ ਰਿਪੋਰਟਾਂ ਆ ਰਹੀਆਂ ਹਨ। ਇਸ ਦੇ ਨਾਲ ਹੀ ਪ੍ਰਾਈਵੇਟ ਦੁਕਾਨਦਾਰਾਂ ਵੱਲੋਂ ਖਾਦਾਂ ਨਾਲ ਹੋਰ ਸਾਮਾਨ ਖਰਦੀਣ ਲਈ ਮਜਬੂਰ ਕਰਨ ਦੀਆਂ ਵੀ ਰਿਪੋਰਟਾਂ ਹਨ।