05/19/2024 5:20 AM

ਜੰਗਲੀ ਭਾਲੂਆਂ ਨੇ ਵਾਰਡ ਮੈਂਬਰ ‘ਤੇ ਹਮਲਾ ਕਰਕੇ ਕੱਢੀ ਅੱਖ

ਝਾਰਖੰਡ ਦੇ ਬੋਕਾਰੋ ਵਿੱਚ 4 ਜੰਗਲੀ ਭਾਲੂਆਂ ਦਾ ਖੌਫਨਾਕ ਹਮਲਾ ਸਾਹਮਣੇ ਆਇਆ ਹੈ। ਇਥੇ ਗੋਮੀਆ ਅਧੀਨ ਤੇਨੂੰਘਾਟ ਜੰਗਲੀ ਖੇਤਰ ਨਜ਼ਦੀਕ ਪਿੰਡ ਲੇਢੀਆਮ ਦੇ ਵਾਰਡ ਮੈਂਬਰ ਨਰੇਸ਼ ਮਹਿਤੋ ‘ਤੇ ਚਾਰ ਜੰਗਲੀ ਭਾਲੂਆਂ ਨੇ ਹਮਲਾ ਕਰ ਦਿੱਤਾ। ਭਾਲੂਆਂ ਨੇ ਹਮਲੇ ਵਿੱਚ 55 ਸਾਲਾ ਨਰੇਸ਼ ਦੀ ਅੱਖ ਕੱਢ ਲਈ।

ਭਾਲੂਆਂ ਨੇ ਨਰੇਸ਼ ਦੇ ਚਿਹਰੇ, ਅੱਖਾਂ ਅਤੇ ਹੱਥਾਂ ਨੂੰ ਬੁਰੀ ਤਰ੍ਹਾਂ ਨਾਲ ਖੁਰਚ ਦਿੱਤਾ। ਹੰਗਾਮਾ ਹੋਣ ‘ਤੇ ਸਥਾਨਕ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਭਾਲੂਆਂ ਦੇ ਚੁੰਗਲ ‘ਚੋਂ ਬਾਹਰ ਕੱਢਿਆ। ਪਰ ਉਦੋਂ ਤੱਕ ਨਰੇਸ਼ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕਾ ਸੀ। ਉਸ ਦੀ ਇਕ ਅੱਖ ਬਾਹਰ ਨਿਕਲ ਕੇ ਜ਼ਮੀਨ ‘ਤੇ ਡਿੱਗ ਗਈ। ਪਰਿਵਾਰਕ ਮੈਂਬਰਾਂ ਨੇ ਤੁਰੰਤ ਜ਼ਖਮੀਆਂ ਨੂੰ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ। ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਮੁੱਢਲੀ ਸਹਾਇਤਾ ਤੋਂ ਬਾਅਦ ਰਾਂਚੀ ਰੈਫਰ ਕਰ ਦਿੱਤਾ ਗਿਆ। ਗੰਭੀਰ ਹਾਲਤ ‘ਚ ਉਸ ਦਾ ਰਿਮਸ ‘ਚ ਇਲਾਜ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਨਰੇਸ਼ ਜੰਗਲ ‘ਚ ਚਰਾਉਣ ਗਏ ਪਸ਼ੂਆਂ ਨੂੰ ਲਿਆਉਣ ਲਈ ਗਿਆ ਸੀ। ਉਸੇ ਸਮੇਂ 4 ਭਾਲੂਆਂ ਨੇ ਹਮਲਾ ਕਰ ਦਿੱਤਾ।

ਜੰਗਲਾਤ ਅਧਿਕਾਰੀ ਬਿਨੈ ਕੁਮਾਰ ਨੇ ਕਿਹਾ ਕਿ ਵਿਭਾਗ ਭਾਲੂਆਂ ਦੇ ਹਮਲੇ ‘ਚ ਜ਼ਖਮੀ ਹੋਏ ਵਿਅਕਤੀ ‘ਤੇ ਨਜ਼ਰ ਰੱਖ ਰਿਹਾ ਹੈ। ਲੋੜੀਂਦੇ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ ਹੈ। ਪੇਪਰ ਆਉਂਦੇ ਹੀ ਮੁਆਵਜ਼ੇ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਜੰਗਲਾਤ ਵਿਭਾਗ ਇੱਕ ਟੀਮ ਬਣਾਏਗਾ ਅਤੇ ਜੰਗਲੀ ਭਾਲੂਆਂ ਤੋਂ ਜਾਨ-ਮਾਲ ਦੀ ਰੱਖਿਆ ਲਈ ਜ਼ਰੂਰੀ ਪਹਿਲਕਦਮੀਆਂ ਕਰੇਗਾ। ਉਨ੍ਹਾਂ ਪਿੰਡ ਵਾਸੀਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਜੰਗਲ ਵਿੱਚ ਇਕੱਲੇ ਨਾ ਜਾਣ। ਜੰਗਲੀ ਜਾਨਵਰਾਂ ਦੀ ਗਤੀਵਿਧੀ ਬਾਰੇ ਵਿਭਾਗ ਨੂੰ ਤੁਰੰਤ ਸੂਚਿਤ ਕੀਤਾ ਜਾਵੇ।