ਸੋਸ਼ਲ ਮੀਡੀਆ ਉਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਬੈਂਗਲੁਰੂ ਦੇ ਅੰਮ੍ਰਿਤਾ ਹੱਲੀ ਦਾ ਹੈ, ਜਿਸ ਵਿਚ ਪੁਜਾਰੀ ਵੱਲੋਂ ਇੱਕ ਔਰਤ ਨੂੰ ਮੰਦਰ ਵਿੱਚੋਂ ਖਿੱਚ ਕੇ ਬਾਹਰ ਲਿਜਾਇਆ ਜਾ ਰਿਹਾ ਹੈ ਅਤੇ ਉਸ ਨੂੰ ਵਾਰ-ਵਾਰ ਥੱਪੜ ਮਾਰੇ ਜਾ ਰਹੇ ਹਨ।
ਹਾਲਾਂਕਿ ਇਹ ਘਟਨਾ 21 ਦਸੰਬਰ ਦੀ ਹੈ ਪਰ ਹੁਣ ਇਹ ਸਾਹਮਣੇ ਆਈ ਹੈ। ਦਰਅਸਲ, ਔਰਤ ਨੂੰ ਇਸ ਲਈ ਬਾਹਰ ਕੱਢ ਦਿੱਤਾ ਗਿਆ ਕਿਉਂਕਿ ਉਹ ਭਗਵਾਨ ਵੈਂਕਟੇਸ਼ਵਰ ਦੀ ਪਤਨੀ ਹੋਣ ਦਾ ਦਾਅਵਾ ਕਰ ਰਹੀ ਸੀ ਅਤੇ ਉਸ ਦੀ ਮੂਰਤੀ ਦੇ ਕੋਲ ਬੈਠਣਾ ਚਾਹੁੰਦੀ ਸੀ।
ਇਹ ਪੂਰੀ ਘਟਨਾ ਲਕਸ਼ਮੀ ਨਰਸਿਮ੍ਹਾ ਸਵਾਮੀ ਮੰਦਰ ਦੀ ਹੈ। ਵਾਇਰਲ ਵੀਡੀਓ 44 ਸੈਕਿੰਡ ਦੀ ਹੈ, ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਔਰਤ ਮੂਰਤੀ ਕੋਲ ਬੈਠਣ ਦੀ ਜ਼ਿੱਦ ਕਰਦੀ ਹੈ ਤਾਂ ਮੰਦਰ ਦਾ ਪੁਜਾਰੀ ਉਸ ਦੇ ਵਾਲਾਂ ਨੂੰ ਫੜ ਕੇ ਮੰਦਰ ਤੋਂ ਬਾਹਰ ਖਿੱਚ ਰਿਹਾ ਹੈ, ਲੱਤਾਂ ਮਾਰਦਾ ਹੈ ਅਤੇ ਥੱਪੜ ਵੀ ਮਾਰ ਰਿਹਾ ਹੈ।
ਜਦੋਂ ਔਰਤ ਨੇ ਮੰਦਰ ‘ਚ ਦਾਖਲ ਹੋਣ ਲਈ ਵਾਰ-ਵਾਰ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਪੁਜਾਰੀ ਨੇ ਉਸ ਨੂੰ ਥੱਪੜ ਮਾਰ ਕੇ ਡੇਗ ਦਿੱਤਾ, ਇਸ ਤੋਂ ਬਾਅਦ ਇਕ ਵਿਅਕਤੀ ਡੰਡਾ ਲੈ ਕੇ ਆਇਆ ਤਾਂ ਔਰਤ ਭੱਜ ਗਈ।
ਮੰਦਰ ‘ਚ ਮੌਜੂਦ ਪੁਜਾਰੀਆਂ ਦਾ ਦਾਅਵਾ ਹੈ ਕਿ ਔਰਤ ਨੇ ਉਨ੍ਹਾਂ ‘ਤੇ ਥੁੱਕਿਆ ਜਦੋਂ ਉਨ੍ਹਾਂ ਨੇ ਉਸ ਨੂੰ ਮੂਰਤੀ ਦੇ ਕੋਲ ਨਹੀਂ ਬੈਠਣ ਦਿੱਤਾ। ਜਦੋਂ ਔਰਤ ਨੇ ਮੂਰਤੀ ਕੋਲ ਬੈਠਣ ਦੀ ਜ਼ਿੱਦ ਕੀਤੀ ਤਾਂ ਉਸ ਨੂੰ ਬਾਹਰ ਕੱਢ ਦਿੱਤਾ ਗਿਆ ਪਰ ਜਿਸ ਤਰ੍ਹਾਂ ਪੁਜਾਰੀ ਉਸ ਨੂੰ ਘਸੀਟ ਕੇ ਬਾਹਰ ਕੱਢ ਰਿਹਾ ਹੈ, ਉਸ ਦੀ ਸੋਸ਼ਲ ਮੀਡੀਆ ‘ਤੇ ਆਲੋਚਨਾ ਹੋ ਰਹੀ ਹੈ।