05/06/2024 1:08 PM

ਨੀਲੇ ਰਾਸ਼ਨ ਕਾਰਡ ਲਈ ਜਾਣਕਾਰੀ ਛੁਪਾਉਣ ਵਾਲੀ ਲਤੀਫਪੁਰਾ ਨਿਵਾਸੀ ਖਿਲਾਫ਼ ਐਫ.ਆਈ.ਆਰ. ਦਰਜ

ਕਮਿਸ਼ਨਰੇਟ ਪੁਲਸ ਵੱਲੋਂ ਨੀਲੇ ਰਾਸ਼ਨ ਕਾਰਡ ਲਈ ਜਾਣਕਾਰੀ ਛੁਪਾਉਣ ਵਾਲੀ ਲਤੀਫਪੁਰਾ ਨਿਵਾਸੀ ਖਿਲਾਫ਼ ਐਫ.ਆਈ.ਆਰ. ਦਰਜ ਕੀਤੀ।

ਜਲੰਧਰ ਕਮਿਸ਼ਨਰੇਟ ਪੁਲਸ ਨੇ ਮੰਗਲਵਾਰ ਨੂੰ ਲਤੀਫਪੁਰਾ ਨਿਵਾਸੀ ਇਕ ਔਰਤ ਖਿਲਾਫ਼ ਮੁਫ਼ਤ ਅਨਾਜ ਪ੍ਰਾਪਤ ਕਰਨ ਲਈ ਆਪਣੀ ਵਿੱਤੀ ਸਥਿਤੀ ਨੂੰ ਛੁਪਾਉਂਦੇ ਹੋਏ ਗੈਰ-ਕਾਨੂੰਨੀ ਤੌਰ ‘ਤੇ ਰਾਸ਼ਨ ਕਾਰਡ ਬਣਵਾਉਣ ਦੇ ਦੋਸ਼ ਵਿਚ ਐੱਫ.ਆਈ.ਆਰ. ਦਰਜ ਕੀਤੀ ਹੈ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਦੱਸਿਆ ਕਿ ਮੁਲਜ਼ਮ ਮਹਿਲਾ ਦੀ ਪਛਾਣ ਮਨਜੀਤ ਕੌਰ ਵਾਸੀ ਲਤੀਫਪੁਰਾ ਮਾਡਲ ਟਾਊਨ ਵਜੋਂ ਹੋਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਫੂਡ ਸਪਲਾਈ ਅਫ਼ਸਰ ਮੁਨੀਸ਼ ਕੁਮਾਰ ਤੋਂ ਪ੍ਰਾਪਤ ਸ਼ਿਕਾਇਤ ਅਨੁਸਾਰ ਮੁਲਜ਼ਮ ਮਹਿਲਾ ਨੇ ਆਪਣੀ ਆਰਥਿਕ ਸਥਿਤੀ ਬਾਰੇ ਗਲਤ ਜਾਣਕਾਰੀ ਦੇ ਕੇ ਸਾਲ 2021 ਵਿੱਚ ਆਪਣੇ ਨਾਂ ‘ਤੇ ਨੀਲਾ ਕਾਰਡ (ਰਾਸ਼ਨ ਕਾਰਡ) ਬਣਵਾ ਲਿਆ ਸੀ।
ਉਨ੍ਹਾਂ ਦੱਸਿਆ ਕਿ ਸਬਸਿਡੀ ਵਾਲੇ ਅਨਾਜ ਦੇ ਲਾਭ ਲਈ ਚਾਰ ਮੈਂਬਰ ਰਜਿਸਟਰ ਕੀਤੇ ਗਏ ਸਨ, ਜਿਨ੍ਹਾਂ ਵੱਲੋਂ ਬਾਅਦ ਵਿੱਚ ਮਸ਼ੀਨ ‘ਤੇ ਆਪਣੀ ਬਾਇਓਮੀਟ੍ਰਿਕ ਹਾਜ਼ਰੀ ਲਾ ਕੇ ਕਈ ਮੌਕਿਆਂ ‘ਤੇ ਲਾਭ ਪ੍ਰਾਪਤ ਕੀਤਾ ਗਿਆ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਸਬਸਿਡੀ ਵਾਲਾ ਅਨਾਜ ਗਰੀਬ ਅਤੇ ਲੋੜਵੰਦ ਲਾਭਪਾਤਰੀਆਂ ਲਈ ਹੈ ਜਦਕਿ ਮੁਲਜ਼ਮ ਪਰਿਵਾਰ ਪਾਸ ਪਹਿਲਾਂ ਹੀ ਇੱਕ ਲਗਜ਼ਰੀ ਕਾਰ ਨੰਬਰ ਪੀਬੀ08ਈਜ਼ੈਡ0063 ਹੈ। ਇਸ ਤੋਂ ਇਲਾਵਾ ਮੁਲਜ਼ਮ ਮਹਿਲਾ ਦਾ ਪੁੱਤਰ ਆਮਦਨ ਕਰ ਦਾਤਾ ਹੈ ਜਦਕਿ ਇਸ ਅਨਾਜ ਸਕੀਮ ਦੇ ਨਿਯਮਾਂ ਅਨੁਸਾਰ ਲਾਭਪਾਤਰੀ ਦੀ ਪਰਿਵਾਰਕ ਆਮਦਨ 60,000 ਪ੍ਰਤੀ ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਮੁਲਜ਼ਮ ਪਰਿਵਾਰ ਪਾਲਿਸੀ ਤਹਿਤ ਨਿਰਧਾਰਤ ਲੋੜੀਂਦੇ ਮਾਪਦੰਡ ਪੂਰੇ ਨਹੀਂ ਕਰਦਾ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਮੁਲਜ਼ਮ ਖਿਲਾਫ਼ ਆਈ.ਪੀ.ਸੀ. ਦੀ ਧਾਰਾ 420, 177, 181, ਅਤੇ 120ਬੀ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ।
ਸ਼੍ਰੀ ਚਾਹਲ ਨੇ ਕਿਹਾ ਕਿ ਗਰੀਬ ਲੋਕਾਂ ਲਈ ਆਉਣ ਵਾਲਾ ਅਨਾਜ ਆਰਥਿਕ ਤੌਰ ’ਤੇ ਸੰਪੰਨ ਇਸ ਪਰਿਵਾਰ ਵੱਲੋਂ ਨਾਜਾਇਜ਼ ਤੌਰ ’ਤੇ ਲਿਆ ਜਾ ਰਿਹਾ ਸੀ। ਇਹ ਸਕੀਮ ਸਿਰਫ਼ ਉਨ੍ਹਾਂ ਗਰੀਬ ਅਤੇ ਲੋੜਵੰਦ ਲੋਕਾਂ ਲਈ ਹੈ, ਜੋ ਆਪਣੀ ਰੋਜ਼ੀ-ਰੋਟੀ ਦਾ ਖਰਚ ਨਹੀਂ ਉਠਾ ਸਕਦੇ ਜਦਕਿ ਇਸ ਪਰਿਵਾਰ ਵੱਲੋਂ ਮੁਫ਼ਤ ਅਨਾਜ ਲਈ ਇਸ ਕਾਰਡ ਨੂੰ ਬਣਵਾਉਣ ਲਈ ਆਪਣੀ ਵਿੱਤੀ ਜਾਣਕਾਰੀ ਛੁਪਾਈ ਗਈ।