ਮਾਧੋਪੁਰ – ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਨੋਇਡਾ ਜਾ ਰਹੇ ਪਰਿਵਾਰ ਨੇ ਫੋਟੋ ਖਿਚਵਾਉਣ ਲਈ ਮਾਧੋਪੁਰ ਵਿਖੇ ਗੱਡੀ ਰੋਕ ਲਈ। ਇਸ ਦੌਰਾਨ ਫੋਟੋ ਖਿੱਚ ਰਹੇ ਬੇਟੇ ਦਾ ਅਚਾਨਕ ਪੈਰ ਤਿਲਕ ਗਿਆ ਅਤੇ ਉਹ ਨਹਿਰ ਵਿੱਚ ਡਿੱਗ ਗਿਆ। ਬੇਟੇ ਨੂੰ ਨਹਿਰ ‘ਚ ਡਿੱਗਦਾ ਦੇਖ ਪਿਤਾ ਨੇ ਵੀ ਉਸ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ। ਹਾਲਾਂਕਿ ਬੇਟਾ ਨਹਿਰ ‘ਚ ਰੇਲਿੰਗ ਦੀ ਮਦਦ ਨਾਲ ਬਾਹਰ ਨਿਕਲ ਗਿਆ। ਪਰ ਪਿਤਾ ਨਹਿਰ ਦੇ ਤੇਜ਼ ਵਹਾਅ ਨਾਲ ਰੁੜ੍ਹ ਗਿਆ। ਮ੍ਰਿਤਕ ਦੀ ਪਛਾਣ ਸੰਜੀਵ ਕੌਲ ਵਾਸੀ ਨੋਇਡਾ ਵੱਜੋਂ ਹੋਈ ਹੈ। ਹਾਦਸੇ ਦੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਪਤਨੀ ਜਵਾਲਾ ਕੌਲ ਨੇ ਦੱਸਿਆ ਕਿ ਉਹ ਨੋਇਡਾ ਤੋਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਗਏ ਸੀ। ਜਦੋਂ ਉਹ ਮਾਧੋਪੁਰ ਇਲਾਕੇ ਵਿੱਚ ਵਗਦੀ ਨਹਿਰ ਕੋਲ ਫੋਟੋਆਂ ਖਿੱਚਣ ਲਈ ਰੁਕੇ ਤਾਂ ਪੁੱਤਰ ਕਨਵ ਕੌਲ ਦੀ ਲੱਤ ਤਿਲਕ ਗਈ ਅਤੇ ਉਹ ਨਹਿਰ ਵਿੱਚ ਡਿੱਗ ਗਿਆ। ਕਨਵ ਰੇਲਿੰਗ ਦੀ ਮਦਦ ਨਾਲ ਬਾਹਰ ਨਿਕਲਿਆ। ਪਰ ਉਸ ਨੂੰ ਬਚਾਉਣ ਲਈ ਗਏ ਪਤੀ ਸੰਜੀਵ ਦੀ ਨਹਿਰ ‘ਚ ਮੌਤ ਹੋ ਗਈ। ਇਸ ‘ਤੋਂ ਬਾਅਦ ਉਨ੍ਹਾਂ ਪੁਲਿਸ ਨੂੰ ਸੂਚਨਾ ਦਿੱਤੀ। ਇਸ ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਦੀ ਟੀਮ ਮੌਕੇ ’ਤੇ ਪੁੱਜੀ।ਪਰਿਵਾਰ ਦੇ ਬਿਆਨਾਂ ‘ਤੇ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।