ਗੁਰਦਾਸਪੁਰ : ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਤੇ ਹੋਏ ਨਜਾਇਜ਼ ਕਬਜ਼ੇ ਛੁਡਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਅਤੇ ਅਧਿਕਾਰੀਆਂ ਨੂੰ ਸ਼ਾਮਲਾਟ ਜ਼ਮੀਨਾਂ ਤੇ ਹੋਏ ਕਬਜ਼ੇ ਛੁਡਾਉਣ ਦੇ ਸਫਰ ਲਈ ਕੀਤੇ ਗਏ ਸਨ, ਜਿਸ ਦੇ ਤਹਿਤ ਅਧਿਕਾਰੀਆਂ ਵੱਲੋਂ ਨਾਜਾਇਜ਼ ਕਬਜ਼ਿਆਂ ਦੇ ਖਿਲਾਫ ਕਾਰਵਾਈਆਂ ਵੀ ਕੀਤੀਆਂ ਗਈਆਂ ਪਰ ਬਾਵਜੂਦ ਇਸਦੇ ਕੁਝ ਲੋਕ ਅੱਗੇ ਪਿੰਡ ਦੇ ਛੱਪੜਾਂ ਤੇ ਵੀ ਕਬਜ਼ਾ ਕਰਨ ਦੇ ਇਰਾਦੇ ਰੱਖਦੇ ਹਨ।
ਮਾਮਲਾ ਜ਼ਿਲਾ ਗੁਰਦਾਸਪੁਰ ਦੇ ਬਲਾਕ ਧਾਰੀਵਾਲ ਦੇ ਅਧੀਨ ਆਉਂਦੇ ਪਿੰਡ ਭੋਜਰਾਜ ਦਾ ਹੈ ਜਿੱਥੋਂ ਦੇ ਸਾਬਕਾ ਸਰਪੰਚ ਅਤੇ ਕੁੱਝ ਵਿਅਕਤੀਆਂ ਵੱਲੋਂ ਪਿੰਡ ਦੇ ਛੱਪੜ ਦੇ ਕੁਝ ਹਿੱਸੇ ਤੇ ਕੁਝ ਲੋਕਾਂ ਵੱਲੋਂ ਨਾਜਾਇਜ਼ ਕਬਜਾ ਕਰਨ ਦੇ ਅਤੇ ਰੌਲਾ ਪੈਣ ਤੇ ਇਸ ਜਗ੍ਹਾ ਤੇ ਨਿਸ਼ਾਨ ਸਾਹਿਬ ਗੱਡ ਕੇ ਆਪਣੀ ਗਲਤੀ ਲੁਕਾਉਣਾ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਗਏ ਹਨ। ਉੱਥੇ ਹੀ ਕਬਜ਼ਾ ਕਰਨ ਦੇ ਦੋਸ਼ ਲਗਾਉਣ ਵਾਲੇ ਵਿਅਕਤੀਆਂ ਵੱਲੋਂ ਇਸ ਦੀ ਸ਼ਿਕਾਇਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਸਮੇਤ ਹੋਰ ਜ਼ਿਲ੍ਹਾ ਅਧਿਕਾਰੀਆਂ ਨੂੰ ਕੀਤੀ ਗਈ ਜਿਸ ਦੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਪਿੰਡ ਭੋਜਰਾਜ ਵਿਚ ਆ ਕੇ ਮੌਕਾ ਵੇਖਿਆ ਗਿਆ ਤੇ ਛੱਪੜ ਵਿੱਚ ਨਜਾਇਜ਼ ਤੌਰ ਤੇ ਮਿੱਟੀ ਪਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ।ਮਾਮਲੇ ਦੀ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਗੁਰਮੁਖ ਸਿੰਘ ਅਤੇ ਮਲਕੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਛੱਪੜ ਤੇ ਹੋਏ ਨਾਜਾਇਜ਼ ਕਬਜ਼ੇ ਨੂੰ ਲੈ ਕੇ ਉਨ੍ਹਾਂ ਦੇ ਵੱਲੋਂ ਬੀਡੀਪੀਓ ਦਫ਼ਤਰ ਅਤੇ ਡਿਪਟੀ ਕਮਿਸ਼ਨਰ ਨੂੰ ਕੁੱਝ ਦਿਨ ਪਹਿਲਾਂ ਸ਼ਿਕਾਇਤ ਦਿੱਤੀ ਗਈ ਸੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਇੱਥੇ ਆ ਕੇ ਛੱਪੜ ਦੇ ਵਿੱਚ ਮਿੱਟੀ ਪਾਉਣ ਦੇ ਕੰਮ ਨੂੰ ਬੰਦ ਕਰਵਾ ਦਿੱਤਾ ਗਿਆ ਸੀ ਪਰ ਦੂਸਰੀ ਧਿਰ ਦੇ ਵੱਲੋਂ ਫ਼ਿਰ ਛੱਪੜ ਦੇ ਵਿਚ ਮਿੱਟੀ ਪਾ ਕੇ ਕਬਜ਼ਾ ਕੀਤਾ ਜਾ ਰਿਹਾ ਹੈ। ਆਪਣੀ ਗਲਤੀ ਲੁਕਾਉਣ ਲਈ ਇਹਨਾਂ ਵਿਅਕਤੀਆਂ ਵੱਲੋਂ ਹੁਣ ਇਸ ਜਗਾ ਤੇ ਨਿਸ਼ਾਨ ਸਾਹਿਬ ਗੱਡ ਕੇ ਇਹ ਕਿਹਾ ਜਾ ਰਿਹਾ ਹੈ ਕਿ ਉਹ ਗੁਰਦੁਆਰਾ ਸਾਹਿਬ ਲਈ ਛੱਪੜ ਵਿੱਚ ਮਿੱਟੀ ਪਾ ਰਹੇ ਹਨ ਪਰ ਇਸ ਦੇ ਲਈ ਕਬਜ਼ਾ ਕਰਨ ਵਾਲਿਆਂ ਵੱਲੋਂ ਕੋਈ ਮਨਜ਼ੂਰੀ ਨਹੀਂ ਲਈ ਗਈ।
ਜਦੋਂ ਇਸ ਸਬੰਧ ਵਿੱਚ ਕਬਜ਼ਾ ਕਰਨ ਵਾਲੀ ਧਿਰ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਨੇ ਕਿਹਾ ਕਿ ਪਿੰਡ ਦੀ ਸਹਿਮਤੀ ਦੇ ਨਾਲ ਇਸ ਛੱਪੜ ਦੇ ਵਿੱਚ ਮਿੱਟੀ ਪਾਈ ਗਈ ਹੈ ਤਾਂ ਜੋ ਇਸ ਜਗ੍ਹਾ ਦੇ ਉੱਤੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਬਣਾਈ ਜਾ ਸਕੇ ਕੋਈ ਵੀ ਨਜਾਇਜ਼ ਕਬਜ਼ਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਹੁਣ ਕੁਝ ਲੋਕਾਂ ਵੱਲੋਂ ਰਾਜਨੀਤੀ ਕਾਰਨਾਂ ਕਾਰਨ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ।
