‘ਵਾਰਿਸ ਪੰਜਾਬ ਦੇ’ ਸੰਗਠਨ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਮਾਮਲੇ ’ਚ ਪੰਜਾਬ ਪੁਲਸ ਵੱਲੋਂ ਸੂਬੇ ਭਰ ’ਚ ਚਲਾਏ ਜਾ ਰਹੇ ਆਪ੍ਰੇਸ਼ਨ ਕਾਰਨ ਸੂਬੇ ਭਰ ’ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੰਜਾਬ ਸਰਕਾਰ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸੇ ਲੜੀ ਤਹਿਤ ਸ਼ਹਿਰ ’ਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸ਼ਹਿਰ ’ਚ ਐਤਵਾਰ ਸਵੇਰ ਤੋਂ ਹੀ ਸ਼ਹਿਰ ਦੇ ਚੱਪੇ-ਚੱਪੇ ’ਤੇ ਪੈਰਾ-ਮਿਲਟਰੀ ਫੋਰਸ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ, ਜਿਸ ਨਾਲ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਵੀ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਨਾਲ ਖ਼ੁਦ ਫੀਲਡ ’ਚ ਉਤਰੇ ਅਤੇ ਸ਼ਹਿਰ ਦੀ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿਆ।
ਉਨ੍ਹਾਂ ਸ਼ਹਿਰ ਦੇ ਮਾਡਲ ਟਾਊਨ, ਪੀ. ਪੀ. ਆਰ. ਮਾਰਕੀਟ, ਲਤੀਫਪੁਰਾ ਅਤੇ ਸ਼ਹਿਰ ਦੇ ਕਈ ਹੋਰ ਹਿੱਸਿਆਂ ਦਾ ਦੌਰਾ ਕਰਕੇ ਸ਼ਹਿਰ ’ਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਪੁਲਸ ਕਮਿਸ਼ਨਰ ਚਾਹਲ ਤੇ ਹੋਰ ਅਧਿਕਾਰੀਆਂ ਦੀ ਅਗਵਾਈ ’ਚ ਪੈਰਾ-ਮਿਲਟਰੀ ਫੋਰਸ ਦੇ ਜਵਾਨਾਂ ਨਾਲ ਸ਼ਹਿਰ ’ਚ ਕਈ ਸਥਾਨਾਂ ’ਤੇ ਫਲੈਗ ਮਾਰਚ ਕੱਢਿਆ ਗਿਆ। ਚਾਹਲ ਨੇ ਦੱਸਿਆ ਕਿ ਸ਼ਹਿਰ ’ਚ ਹਰ ਹਾਲ ’ਚ ਲਾਅ ਐਂਡ ਆਰਡਰ ਨੂੰ ਕਾਇਮ ਰੱਖਿਆ ਜਾਵੇਗਾ। ਸ਼ਹਿਰ ’ਚ ਕਈ ਥਾਵਾਂ ’ਤੇ ਨਾਕਿਆਂ ’ਚ ਵਾਧਾ ਕਰਕੇ ਪੁਲਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਵਾਹਨ ਚਾਲਕਾਂ ‘ਤੇ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਸ਼ਹਿਰ ਦੇ ਐਂਟਰੀ ਪੁਆਇੰਟਸ ਨੂੰ ਵੀ ਸੀਲ ਕਰ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਸ਼ਹਿਰ ’ਚ ਵੀ ਧਾਰਾ 144 ਲਾਗੂ ਕੀਤੀ ਗਈ ਹੈ। ਇਸ ਦੇ ਨਾਲ ਹੀ ਸੂਬੇ ਭਰ ’ਚ ਅਮਨ-ਸ਼ਾਂਤੀ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਤੇ ਗਲਤ ਅਫਵਾਹਾਂ ਤੋਂ ਬਚਣ ਲਈ ਸਰਕਾਰ ਵਲੋਂ ਇੰਟਰਨੈੱਟ ਸੇਵਾਵਾਂ ਵੀ ਬੰਦ ਕੀਤੀਆਂ ਗਈਆਂ ਹਨ। ਹਾਲਾਂਕਿ ਇੰਟਰਨੈੱਟ ਸੇਵਾਵਾਂ ਦੇ ਬੰਦ ਹੋਣ ਨਾਲ ਲੋਕ ਪ੍ਰੇਸ਼ਾਨ ਰਹੇ। ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਸ ਦੇ ਕਈ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਨੂੰ ਵੀ ਖੁਦ ਸ਼ਹਿਰ ’ਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਕੰਟਰੋਲ ਰੂਮ ਨੂੰ ਵੀ ਹੋਰ ਹਾਈਟੈੱਕ ਕੀਤਾ ਗਿਆ ਹੈ। ਸਾਰੇ ਮੁਲਾਜ਼ਮਾਂ ਤੇ ਪੀ. ਸੀ. ਆਰ. ਕਰਮਚਾਰੀਆਂ ਨੂੰ ਕੰਟਰੋਲ ਰੂਮ ਤੋਂ ਕਿਸੇ ਤਰ੍ਹਾਂ ਦਾ ਵੀ ਮੈਸੇਜ ਆਉਣ ’ਤੇ ਉਨ੍ਹਾਂ ਨੂੰ ਤੁਰੰਤ ਘਟਨਾ ਵਾਲੀ ਥਾਂ ’ਤੇ ਪਹੁੰਚਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਲੋਕਾਂ ਨੂੰ ਵੀ ਸ਼ਹਿਰ ’ਚ ਅਮਨ-ਸ਼ਾਂਤੀ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਤੇ ਝੂਠੀਆਂ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕੀਤੀ। ਇਸ ਮੌਕੇ ’ਤੇ ਡੀ. ਸੀ. ਪੀ. ਹੈੱਡਕੁਆਰਟਰ ਵਤਸਲਾ ਗੁਪਤਾ, ਏ. ਡੀ. ਸੀ. ਪੀ. ਦਿੱਤਿਆ ਕੁਮਾਰ ਤੇ ਕਮਿਸ਼ਨਰੇਟ ਪੁਲਸ ਦੇ ਹੋਰ ਅਧਿਕਾਰੀ ਮੌਜੂਦ ਸਨ।
ਚਾਹਲ ਵੀ ਹੋਰ ਅਧਿਕਾਰੀਆਂ ਦੇ ਨਾਲ ਕਰ ਰਹੇ ਸਨ ਲੀਡ, 2 ਗੱਡੀਆਂ ਅਤੇ ਹਥਿਆਰ ਕੀਤੇ ਬਰਾਮਦ
ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਪੁਲਸ ਵਲੋਂ ਚਲਾਏ ਗਏ ਆਪ੍ਰੇਸ਼ਨ ਕਾਰਨ ਉਹ ਖ਼ੁਦ ਵੀ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਦੇ ਨਾਲ ਸ਼ਹਿਰ ਦੇ ਹਰ ਕੋਨੇ ’ਚ ਪਹੁੰਚ ਰਹੇ ਹਨ ਤਾਂ ਕਿ ਕੋਈ ਗੜਬੜੀ ਨਾ ਹੋ ਸਕੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨਾਲ ਕਮਿਸ਼ਨਰੇਟ ਪੁਲਸ ਦੇ ਕਈ ਹੋਰ ਅਧਿਕਾਰੀ ਅੰਮ੍ਰਿਤਪਾਲ ਸਿੰਘ ਦੀ ਗੱਡੀ ਦਾ ਪਿੱਛਾ ਕਰ ਰਹੇ ਸਨ। ਉਨ੍ਹਾਂ ਦੱਸਿਆ 20-25 ਕਿਲੋਮੀਟਰ ਤਕ ਪੁਲਸ ਉਸ ਦੀ ਗੱਡੀ ਦਾ ਪਿੱਛਾ ਕਰਦੀ ਰਹੀ ਪਰ ਅੱਗੇ ਜਾ ਕੇ ਰਸਤੇ ਤੰਗ ਆਉਣ ਕਾਰਨ ਉਹ ਪੁਲਸ ਨੂੰ ਚਮਕਾ ਦੇ ਕੇ ਫਰਾਰ ਹੋ ਗਿਆ, ਜਦਕਿ ਪੁਲਸ ਨੇ ਅੰਮ੍ਰਿਤਪਾਲ ਦੇ ਕੁਝ ਸਾਥੀਆਂ ਦਾ ਪਿੱਛਾ ਕਰ ਉਨ੍ਹਾਂ ਨੂੰ ਫੜ ਕੇ ਉਨ੍ਹਾਂ ਦੇ ਕੋਲੋਂ ਹਥਿਆਰ ਤੇ 2 ਗੱਡੀਆਂ ਵੀ ਬਰਾਮਦ ਕਰ ਉਨ੍ਹਾਂ ਨਾਲ ਸਬੰਧਤ ਪੁਲਸ ਥਾਣੇ ਦੇ ਹਵਾਲੇ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਪੁਲਸ ਫੜੇ ਗਏ ਲੋਕਾਂ ਤੋਂ ਲਗਾਤਾਰ ਪੁੱਛਗਿੱਛ ਜਾਰੀ ਹੈ। ਸੂਬੇ ਭਰ ਦੀ ਪੁਲਸ ਅੰਮ੍ਰਿਤਪਾਲ ਸਿੰਘ ਦੀ ਲਗਾਤਾਰ ਭਾਲ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਉਸ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਵਲੋਂ ਲਾਅ ਐਂਡ ਆਰਡਰ ਨੂੰ ਹੋਰ ਮਜ਼ਬੂਤ ਕਰਨ ਲਈ ਸੂਬੇ ਭਰ ’ਚ ਰੈੱਡ ਅਲਰਟ ਐਲਾਨ ਕਰ ਸਾਰੇ ਪੁਲਸ ਕਮਿਸ਼ਨਰ ਤੇ ਐੱਸ. ਐੱਸ. ਪੀਜ਼ ਨੂੰ ਸੁਰੱਖਿਆ ਦੇ ਸਖਤ ਪ੍ਰਬੰਧ ਕਰਨ ਦੇ ਹੁਕਮ ਜਾਰੀ ਕੀਤੇ ਹਨ। ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਸ਼ਹਿਰ ’ਚ ਰਾਤ ਨੂੰ ਵੀ ਨਾਈਟ ਡੋਮੀਨੇਸ਼ਨ ਨੂੰ ਵੀ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਬਾਹਰੋਂ ਆਉਣ ਵਾਲੀ ਹਰੀਕ ਗੱਡੀ ਨੂੰ ਚੈੱਕ ਕਰਨ ਤੋਂ ਬਾਅਦ ਹੀ ਉਸ ਨੂੰ ਸ਼ਹਿਰ ’ਚ ਪ੍ਰਵੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ’ਚ ਲਾਅ ਐਂਡ ਆਰਡਰ ਦੀ ਉਲੰਘਣਾ ਕਰਨ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।