Natural Croup -ਕਣਕ ਦੀ ਫ਼ਸਲ ਜਦੋਂ ਪੱਕਣ ’ਤੇ ਆ ਗਈ ਤਾਂ ਪਿਛਲੇ ਦਿਨਾਂ ਦੌਰਾਨ ਹੋਈ ਬੇਮੌਸਮੀ ਬਾਰਿਸ਼ ਕਾਰਨ ਕਿਸਾਨਾਂ ਦੀ ਕਣਕ ਦੀ ਫ਼ਸਲ ਸਣੇ ਹਰਾ ਚਾਰਾ ਅਤੇ ਸਬਜ਼ੀਆਂ ਆਦਿ ਨੁਕਸਾਨੀਆਂ ਗਈਆਂ ਹਨ। ਪੱਕਣ ’ਤੇ ਆਈ ਕਣਕ ਤੇਜ਼ ਹਵਾਵਾਂ ਚੱਲਣ ਕਾਰਨ ਖੇਤਾਂ ’ਚ ਵਿਛ ਗਈ ਹੈ ਅਤੇ ਨੀਵੇਂ ਖੇਤਾਂ ’ਚ ਪਾਣੀ ਖੜ੍ਹਨ ਕਾਰਨ ਵਾਢੀ ਦਾ ਕੰਮ ਹਾਲੇ ਕੁੱਝ ਦਿਨ ਹੋਰ ਪ੍ਰਭਾਵਿਤ ਹੋ ਸਕਦਾ ਹੈ। ਉਧਰ ਸੂਤਰਾਂ ਅਨੁਸਾਰ ਬਾਰਿਸ਼ ਕਾਰਨ ਨੁਕਸਾਨੀ ਕਣਕ ਦੀ ਫ਼ਸਲ ਦੀ ਖ਼ਰੀਦ ਸਮੇਂ ਕੁਆਲਿਟੀ ਕੱਟ ਲੱਗਣ ਦੀ ਵੀ ਸੰਭਾਵਨਾ ਹੈ। ਐੱਫ਼. ਸੀ. ਆਈ. ਵੱਲੋਂ ਪੰਜਾਬ ’ਚੋਂ ਕਣਕ ਦੇ ਨਮੂਨੇ ਭਰ ਕੇ ਕੇਂਦਰ ਸਰਕਾਰ ਨੂੰ ਭੇਜੇ ਜਾਣ ਬਾਰੇ ਪਤਾ ਲੱਗਾ ਹੈ। ਦਾਣਿਆਂ ਦੀ ਮੁੱਢਲੀ ਜਾਂਚ ਤੋਂ ਬਾਅਦ ਸਰਕਾਰੀ ਖ਼ਰੀਦ ਲਈ ਨਿਰਧਾਰਿਤ ਮੁੱਲ ’ਚ ਕਟੌਤੀ ਕੀਤੀ ਜਾ ਸਕਦੀ ਹੈ ਪਰ ਇਹ ਸਭ ਕੇਂਦਰ ਸਰਕਾਰ ਦੀ ਰਿਪੋਰਟ ’ਤੇ ਨਿਰਭਰ ਕਰੇਗਾ ਕਿ ਕੁਆਲਿਟੀ ਕੱਟ ਲੱਗੇਗਾ ਜਾਂ ਨਹੀਂ। ਜੇਕਰ ਕੁਆਲਿਟੀ ਕੱਟ ਵੀ ਲੱਗ ਗਿਆ ਤਾਂ ਅੰਨਦਾਤਾ ਕਿਸਾਨਾਂ ਨੂੰ ਦੋਹਰੀ ਮਾਰ ਪਵੇਗੀ, ਜਿਸ ਕਾਰਨ ਕਿਸਾਨਾਂ ’ਚ ਨਿਰਾਸ਼ਾ ਪਾਈ ਜਾ ਰਹੀ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਆਗੂ ਜਥੇ ਹਰਜਿੰਦਰ ਸਿੰਘ ਲਾਡੀ ਸਾਬਕਾ ਪ੍ਰਧਾਨ ਸਹਿਕਾਰੀ ਸਭਾ ਡਡਵਿੰਡੀ ਨੇ ਕਿਹਾ ਕਿ ਅੰਨਦਾਤਾ ਨੂੰ ਦੋਹਰੀ ਮਾਰ ਪੈ ਰਹੀ ਹੈ ਅਤੇ ਇਸ ਵਾਰ ਬਾਰਿਸ਼ ਕਾਰਨ ਕਣਕ ਵਾਢੀ ਦਾ ਕੰਮ ਪਛੜ ਗਿਆ ਹੈ। ਹਾਲਾਂਕਿ ਪੰਜਾਬ ਸਰਕਾਰ ਵੱਲੋਂ ਪਹਿਲੀ ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਦਾ ਕੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਹਾਲੇ ਤੱਕ ਜ਼ਿਆਦਾਤਰ ਅਨਾਜ ਮੰਡੀਆਂ ’ਚ ਕਣਕ ਦੀ ਆਮਦ ਸ਼ੁਰੂ ਨਹੀਂ ਹੋਈ ਹੈ। ਜਥੇ. ਲਾਡੀ ਡਡਵਿੰਡੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਬਹੁਤ ਘੱਟ ਦਿੱਤਾ ਜਾ ਰਿਹਾ ਹੈ, ਜਿਸ ਨਾਲ ਫ਼ਸਲ ਦੀ ਬਿਜਾਈ ਲਈ ਆਏ ਖ਼ਰਚੇ ਵੀ ਕਿਸਾਨਾਂ ਦੇ ਪੂਰੇ ਨਹੀਂ ਹੋਣਗੇ।
ਦੂਜੇ ਪਾਸੇ ਦਫ਼ਤਰ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਦੇ ਕਰਮਚਾਰੀ ਹਰਵਿੰਦਰ ਸਿੰਘ ਵੜੈਚ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲੀ ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਦੇ ਆਦੇਸ਼ ਦਿੱਤੇ ਗਏ ਸਨ ਪਰ ਬੇਮੌਸਮੀ ਬਾਰਿਸ਼ ਕਾਰਨ ਕਣਕ ਦੀ ਵਾਢੀ ਦਾ ਕੰਮ ਪਛੜ ਗਿਆ ਹੈ। ਇਸ ਕਾਰਨ ਅਜੇ ਤਕ ਮੰਡੀਆਂ ’ਚ ਕਣਕ ਦੀ ਫ਼ਸਲ ਆਉਣੀ ਸ਼ੁਰੂ ਨਹੀਂ ਹੋਈ ਹੈ। ਉਂਝ ਸਬ-ਡਿਵੀਜ਼ਨ ਦੀਆਂ ਸਾਰੀਆਂ ਅਨਾਜ ਮੰਡੀਆਂ ਅਤੇ ਖ਼ਰੀਦ ਕੇਂਦਰਾਂ ’ਚ ਸਰਕਾਰੀ ਖ਼ਰੀਦ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਮੰਡੀਆਂ ’ਚ ਬਿਜਲੀ-ਪਾਣੀ, ਬਰਦਾਨੇ ਸਣੇ ਸਫ਼ਾਈ ਵਿਵਸਥਾ ਕੀਤੀ ਗਈ ਹੈ ਅਤੇ ਮੰਡੀਆਂ ’ਚ ਆਪਣੀ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।