ਮੋਗਾ ਵਿਚ ਨਗਰ ਨਿਗਮ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਾਂਝੀ ਟੀਮ ਨੇ ਸਿੰਗਲ ਯੂਜ਼ ਪਲਾਸਟਿਕ ਦੇ ਪਾਣੀ ਵਾਲੇ ਗਿਲਾਸ ਤਿਆਰ ਕਰਨ ਵਾਲੀ ਫੈਕਟਰੀ ‘ਤੇ ਛਾਪਾ ਮਾਰਿਆ। ਇਸ ਦੌਰਾਨ ਟੀਮ ਨੇ ਫੈਕਟਰੀ ਤੋਂ 3000 ਪਾਣੀ ਦੇ ਪੈਕ ਗਿਲਾਸ ਤੇ 8 ਹਜ਼ਾਰ ਸਿੰਗਲ ਯੂਜ਼ ਪਲਾਸਟਿਕ ਦੇ ਗਿਲਾਸ ਬਰਾਮਦ ਕੀਤੇ ਜਿਸ ਦੇ ਬਾਅਦ ਟੀਮ ਨੇ ਅਗਲੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਚਿੱਠੀ ਲਿਖੀ ਹੈ।
ਸਿੰਗਲ ਯੂਜ਼ ਪਲਾਸਟਿਕ ਦੇ ਬੁਰੇ ਪ੍ਰਭਾਵਾਂ ਕਾਰਨ ਪੰਜਾਬ ਸਰਕਾਰ ਵੱਲੋਂ ਇਸ ‘ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਇਸ ਦੀ ਪਾਬੰਦੀ ਨੂੰ ਲਾਗੂ ਕਰਵਾਉਣ ਲਈ ਯਤਨਸ਼ੀਲ ਹੈ। ਨਗਰ ਨਿਗਰ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰ ਦੀ ਟੀਮ ਵੱਲੋਂ ਅੱਜ ਨਾਜਾਇਜ਼ ਚੱਲ ਰਹੀ ਮੈਸਰਜ ਜੈਸਮੀਨ ਵਾਟਰ ਪਿਊਰੀਫਾਇਰ ਨਾਂ ਦੀ ਫੈਕਟਰੀ ‘ਤੇ ਛਾਪਾ ਮਰਿਆ।
ਟੀਮ ਵੱਲੋਂ 3000 ਪਾਣੀ ਦੇ ਪੈਕ ਗਿਲਾਸ ਤੇ 8,000 ਸਿੰਗਲ ਯੂਜ਼ ਪਲਾਸਟਿਕ ਦੇ ਗਿਲਾਸ ਬਰਾਮਦ ਕੀਤੇ ਗਏ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸੀਓ ਅਮਨਦੀਪ ਸਿੰਘ ਨੇ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਨੂੰ ਤੁਰੰਤ ਪ੍ਰਭਾਵ ਤੋਂ ਜ਼ਬਤ ਕਰਕੇ ਅਗਲੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਾਬੰਦੀ ਦੇ ਹੁਕਮ ਲਾਗੂ ਕੀਤੇ ਗਏ ਹਨ। ਵਿਭਾਗੀ ਟੀਮਾਂ ਸਮੇਂ–ਸਮੇਂ ‘ਤੇ ਚੈਕਿੰਗ ਜਾਰੀ ਰੱਖਣਗੀਆਂ।
ਇਸ ਮੌਕੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਕਿਹਾ ਕਿ ਪਲਾਸਟਿਕ ਕੁਦਰਤੀ ਤੌਰ ‘ਤੇ ਨਸ਼ਟ ਨਹੀਂ ਹੁੰਦਾ ਤੇ ਲੰਮੇ ਸਮੇਂ ਤੱਕ ਧਰਤੀ ‘ਤੇ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ। ਮਨੁੱਖਤਾ ਲਈ ਅਸੀਂ ਪਲਾਸਟਿਕ ਦੇ ਲਿਫਾਫਿਆਂ ਦਾ ਇਸਤੇਮਾਲ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸਮੂਹ ਦੁਕਾਨਦਾਰਾਂ, ਸਬਜ਼ੀ ਵਿਕ੍ਰੇਤਾਵਾਂ ਤੇ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਸਿੰਗਲ ਯੂਜ਼ ਪਲਾਸਟਿਕ ਦਾ ਇਸਤੇਮਾਲ ਕਰਨ ਤੋਂ ਗੁਰੇਜ਼ ਕਰਨ।