Akshaya Tritiya – ਸੋਨੇ ਦੀਆਂ ਕੀਮਤਾਂ ’ਚ ਪਿਛਲੇ ਕੁੱਝ ਮਹੀਨਿਆਂ ’ਚ ਆਏ ਉਛਾਲ ਦਾ ਅਸਰ ਅਕਸ਼ੈ ਤ੍ਰਿਤੀਆ ਦੇ ਤਿਓਹਾਰ ’ਤੇ ਹੋਣ ਵਾਲੀ ਗਹਿਣਿਆਂ ਦੀ ਵਿਕਰੀ ’ਤੇ ਦੇਖਣ ਨੂੰ ਮਿਲ ਸਕਦਾ ਹੈ। ਗਹਿਣਾ ਵਿਕ੍ਰੇਤਾਵਾਂ ਨੇ ਇਸ ਵਾਰ ਅਕਸ਼ੈ ਤ੍ਰਿਤੀਆ ’ਤੇ ਵਿਕਰੀ ’ਚ 20 ਫੀਸਦੀ ਤੱਕ ਗਿਰਾਵਟ ਆਉਣ ਦਾ ਖਦਸ਼ਾ ਪ੍ਰਗਟਾਇਆ ਹੈ। ਸੋਨਾ ਇਸ ਸਮੇਂ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ 60,000 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ ’ਤੇ ਮਿਲ ਰਿਹਾ ਹੈ। ਅਜਿਹੀ ਸਥਿਤੀ ’ਚ ਲੋਕ ਬੇਹੱਦ ਜ਼ਰੂਰੀ ਹੋਣ ’ਤੇ ਹੀ ਸੋਨਾ ਖਰੀਦਣਾ ਪਸੰਦ ਕਰ ਰਹੇ ਹਨ। ਇਸ ਦਾ ਅਸਰ ਅਕਸ਼ੈ ਤ੍ਰਿਤੀਆ ’ਤੇ ਮਹਿੰਗੇ ਗਹਿਣਿਆਂ ਦੀ ਹੋਣ ਵਾਲੀ ਰਵਾਇਤੀ ਖਰੀਦ ’ਤੇ ਪੈ ਸਕਦਾ ਹੈ।
ਅਕਸ਼ੈ ਤ੍ਰਿਤੀਆ ਨੂੰ ਸੋਨੇ ਦੇ ਗਹਿਣਿਆਂ ਅਤੇ ਸਿੱਕਿਆਂ ਦੀ ਖਰੀਦ ਲਈ ਸ਼ੁੱਭ ਮੰਨਿਆ ਜਾਂਦਾ ਹੈ। ਇਸ ਦਿਨ ਲੋਕ ਆਪਣੀ ਸਮਰੱਥਾ ਮੁਤਾਬਕ ਛੋਟੇ-ਵੱਡੇ ਗਹਿਣੇ ਜਾਂ ਸਿੱਕੇ ਖਰੀਦਣ ਦੀ ਕੋਸ਼ਿਸ਼ ਕਰਦੇ ਹਨ ਪਰ ਪਿਛਲੇ ਚਾਰ ਮਹੀਨਿਆਂ ’ਚ ਸੋਨੇ ਦੇ ਰੇਟ ’ਚ ਆਇਆ ਉਛਾਲ ਇਸ ਵਾਰ ਉਨ੍ਹਾਂ ਨੂੰ ਨਿਰਾਸ਼ ਕਰ ਸਕਦਾ ਹੈ। ਅਖਿਲ ਭਾਰਤੀ ਰਤਨ ਅਤੇ ਗਹਿਣਾ ਪਰਿਸ਼ਦ (ਜੀ. ਜੇ. ਸੀ.) ਦੇ ਚੇਅਰਮੈਨ ਸੰਯਮ ਮਹਿਰਾ ਨੇ ਕਿਹਾ ਕਿ ਸੋਨੇ ਦੇ ਭਾਅ ਹਾਲ ਹੀ ’ਚ 60,000 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚਣ ਨਾਲ ਗਾਹਕਾਂ ਦਾ ਵੱਡਾ ਤਬਕਾ ਹੈਰਾਨ ਹੋ ਗਿਆ ਹੈ। ਮਹਿਰਾ ਨੇ ਕਿਹਾ ਕਿ ਹਾਲਾਂਕਿ ਕੁੱਝ ਦਿਨਾਂ ਤੋਂ ਕੀਮਤਾਂ ਥੋੜੀਆਂ ਡਿਗੀਆਂ ਹਨ ਪਰ ਇਹ ਹਾਲੇ ਵੀ ਵੱਧ ਹਨ। ਇਸ ਦਾ ਅਸਰ ਅਕਸ਼ੈ ਤ੍ਰਿਤੀਆ ’ਤੇ ਹੋਣ ਵਾਲੀ ਵਿਕਰੀ ’ਤੇ ਪਵੇਗਾ। ਸਾਡਾ ਅਨੁਮਾਨ ਹੈ ਕਿ ਵਿਕਰੀ ਪਿਛਲੇ ਸਾਲ ਦੀ ਤੁਲਣਾ ’ਚ 20 ਫੀਸਦੀ ਘਟ ਸਕਦੀ ਹੈ।
ਅਕਸ਼ੈ ਤ੍ਰਿਤੀਆ ’ਤੇ ਆਉਣ ਵਾਲੀ ਮੰਗ ਹੋ ਸਕਦੀ ਹੈ ਘੱਟ
ਸੋਨੇ ਦਾ ਮੌਜੂਦਾ ਭਾਅ ਕਰੀਬ 60,280 ਰੁਪਏ ਪ੍ਰਤੀ 10 ਗ੍ਰਾਮ ਹੈ। ਉਨ੍ਹਾਂ ਨੇ ਕਿਹਾ ਕਿ ਅਕਸ਼ੈ ਤ੍ਰਿਤੀਆ ’ਤੇ ਹੋਣ ਵਾਲੇ ਕੁੱਲ ਕਾਰੋਬਾਰ ’ਚ ਦੱਖਣ ਭਾਰਤੀ ਸੂਬਿਆਂ ਦੀ ਹਿੱਸੇਦਾਰੀ ਕਰੀਬ 40 ਫੀਸਦੀ ਹੁੰਦੀ ਹੈ ਜਦ ਕਿ ਪੱਛਮੀ ਭਾਰਤ ਦੀ ਹਿੱਸੇਦਾਰੀ 25 ਫੀਸਦੀ ਰਹਿੰਦੀ ਹੈ। ਇਸ ਖਰੀਦਦਾਰੀ ’ਚ ਪੂਰਬੀ ਭਾਰਤ ਦਾ ਹਿੱਸਾ 20 ਫੀਸਦੀ ਅਤੇ ਉੱਤਰ ਭਾਰਤ ਦਾ ਹਿੱਸਾ ਕਰੀਬ 15 ਫੀਸਦੀ ਰਹਿੰਦਾ ਹੈ। ਜੀ. ਜੇ. ਸੀ. ਦੇ ਸਾਬਕਾ ਚੇਅਰਮੈਨ ਅਤੇ ਐੱਨ. ਏ. ਸੀ. ਜਿਊਲਰਸ (ਚੇਨਈ) ਦੇ ਮੈਨੇਜਿੰਗ ਡਾਇਰੈਕਟਰ ਅਨੰਦ ਪਦਮਨਾਭਨ ਨੇ ਵੀ ਕੁੱਝ ਇਸੇ ਤਰ੍ਹਾਂ ਦਾ ਖਦਸ਼ਾ ਪ੍ਰਗਟਾਉਂਦੇ ਹੋਏ ਕਿਹਾ ਕਿ ਮਹਿੰਗੇ ਸੋਨੇ ਦੀ ਮਾਰ ਅਕਸ਼ੈ ਤ੍ਰਿਤੀਆ ’ਤੇ ਆਉਣ ਵਾਲੀ ਮੰਗ ਨੂੰ ਘੱਟ ਕਰ ਸਕਦੀ ਹੈ। ਹਾਲਾਂਕਿ ਉਨ੍ਹਾਂ ਨੇ ਵਿਕਰੀ ’ਤੇ ਇਸ ਦਾ ਅਸਰ 10 ਫੀਸਦੀ ਹੀ ਪੈਣ ਦੀ ਗੱਲ ਕਹੀ ਹੈ।