ਖ਼ਰਾਬ ਮੌਸਮ ਦੇ ਮੱਦੇਨਜ਼ਰ ਕੇਦਾਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ 8 ਮਈ ਤੱਕ ਬੰਦ ਕਰ ਦਿੱਤੀ ਗਈ ਹੈ। ਜਿਹੜੇ ਯਾਤਰੀ ਪਹਿਲਾਂ ਹੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ, ਉਹ ਕੇਦਾਰਨਾਥ ਜਾ ਸਕਦੇ ਹਨ। ਹਾਲਾਂਕਿ ਉਨ੍ਹਾਂ ਦੀ ਯਾਤਰਾ ਵੀ ਮੌਸਮ ’ਤੇ ਨਿਰਭਰ ਕਰੇਗੀ। ਮੌਸਮ ਦੇ ਬਹੁਤ ਜ਼ਿਆਦਾ ਖ਼ਰਾਬ ਹੋਣ ਦੀ ਸਥਿਤੀ ’ਚ ਯਾਤਰਾ ਨੂੰ ਰੋਕਿਆ ਵੀ ਜਾ ਸਕਦਾ ਹੈ।
ਬੀਤੇ ਕੁਝ ਦਿਨਾਂ ਤੋਂ ਕੇਦਾਰਨਾਥ ’ਚ ਮੌਸਮ ਲਗਾਤਾਰ ਖਰਾਬ ਚੱਲ ਰਿਹਾ ਹੈ। ਪੈਦਲ ਯਾਤਰਾ ਮਾਰਗ ’ਤੇ ਬਰਫ ਖਿਸਕਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਆਉਣ ਵਾਲੇ ਦਿਨਾਂ ’ਚ ਵੀ ਮੌਸਮ ਖ਼ਰਾਬ ਰਹਿ ਸਕਦਾ ਹੈ। ਦੂਜੇ ਪਾਸੇ ਸ਼ੁੱਕਰਵਾਰ ਨੂੰ ਕੇਦਾਰਨਾਥ ਅਤੇ ਬਦਰੀਨਾਥ ਮਾਰਗਾਂ ’ਤੇ ਆਈਆਂ ਰੁਕਾਵਟਾਂ ਨੂੰ ਦੂਰ ਕਰ ਕੇ ਯਾਤਰਾ ਨੂੰ ਸੁਚਾਰੂ ਬਣਾਇਆ ਗਿਆ ਹੈ।
ਇਸ ਦਰਮਿਆਨ ਅਗਲੇ ਕੁਝ ਦਿਨਾਂ ਤਕ ਕੇਦਾਰਨਾਥ ਹੈਲੀਕਾਪਟਰ ਬੁਕਿੰਗ ਸਿਰਫ਼ ਇਕ ਦਿਨ ਲਈ ਹੀ ਖੋਲ੍ਹੀ ਜਾਵੇਗੀ। ਇਸ ਦਾ ਕਾਰਨ ਕੇਦਾਰਨਾਥ ’ਚ ਚੱਲ ਰਹੇ ਨਿਰਮਾਣ ਕਾਰਜਾਂ ਲਈ ਚਿਨੂਕ ਹੈਲੀਕਾਪਟਰ ਦੀ ਵਰਤੋਂ ਹੋਣਾ ਹੈ।