ਪੰਜਾਬ ਦੇ ਅੰਮ੍ਰਿਤਸਰ ‘ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਹਰਿਮੰਦਰ ਸਾਹਿਬ ਨੇੜੇ ਕਰੀਬ 5 ਦਿਨਾਂ ‘ਚ ਤੀਜੀ ਵਾਰ ਧਮਾਕਾ ਹੋਇਆ ਹੈ। ਇਹ ਧਮਾਕਾ ਬੁੱਧਵਾਰ ਰਾਤ ਕਰੀਬ 12.10 ਵਜੇ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਨੇੜੇ ਹੋਇਆ। ਧਮਾਕੇ ਦਾ ਪਤਾ ਲੱਗਦਿਆਂ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਧਮਾਕੇ ਵਾਲੀ ਜਗ੍ਹਾ ਨੂੰ ਸੀਲ ਕਰ ਦਿੱਤਾ। ਪੁਲਿਸ 2 ਸ਼ੱਕੀਆਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕਰ ਰਹੀ ਹੈ।
ਇਹ ਧਮਾਕਾ ਪਹਿਲੇ ਸਥਾਨ ਤੋਂ ਕਰੀਬ 1:45 ਕਿਲੋਮੀਟਰ ਦੂਰ ਹੈ। ਧਮਾਕੇ ਦੀ ਆਵਾਜ਼ ਸੁਣ ਕੇ ਹੜਕੰਪ ਮੱਚ ਗਿਆ। ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਨਾਲ ਹੀ ਫੋਰੈਂਸਿਕ ਟੀਮਾਂ ਮੌਕੇ ਤੋਂ ਸੈਂਪਲ ਲੈ ਰਹੀਆਂ ਹਨ। ਫਿਲਹਾਲ ਇਸ ਧਮਾਕੇ ਵਿਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ।
ਪੁਲਿਸ ਵੱਲੋਂ 2 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਇਹ ਸਰਾਏ ਦੇ ਕਮਰੇ ਨੰਬਰ 225 ਵਿੱਚ ਠਹਿਰੇ ਹੋਏ ਸਨ। ਉਨ੍ਹਾਂ ਕੋਲੋਂ ਇਕ ਸ਼ੱਕੀ ਬੈਗ ਵੀ ਬਰਾਮਦ ਹੋਇਆ ਹੈ। ਦੋਵੇਂ ਗੁਰਦਾਸਪੁਰ ਦੇ ਰਹਿਣ ਵਾਲੇ ਹਨ। ਇਸ ਮਾਮਲੇ ਸਬੰਧੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸਵੇਰੇ 11 ਵਜੇ ਅੰਮ੍ਰਿਤਸਰ ਵਿੱਚ ਇਸ ਬਾਰੇ ਜਾਣਕਾਰੀ ਦੇਣਗੇ। ਦੱਸ ਦਈਏ ਪਿਛਲੇ 5 ਦਿਨਾਂ ਵਿਚ ਇਹ ਅਜਿਹੀ ਤੀਜੀ ਘਟਨਾ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਰਾਤ ਤੇ ਸੋਮਵਾਰ ਸਵੇਰ ਨੂੰ ਹੈਰੀਟੇਜ ਸਟਰੀਟ ਨੇੜੇ ਧਮਾਕੇ ਹੋਏ ਸਨ।