ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਵ ਹੋ ਕੇ ਜੀਰੀ ਸੀਜਨ ਲਈ ਪੰਜਾਬ ਸਰਕਾਰ ਦੇ ਨਵੇਂ ਫੈਸਲੇ ਦੀ ਜਾਣਕਾਰੀ ਦਿੱਤੀ। ਉੁਨ੍ਹਾਂ ਕਿਹਾ ਕਿ ਪਿਛਲੇ ਸਾਲ ਦੀ ਸਫਲਤਾ ਦੇ ਤਜਰਬੇ ਤੋਂ ਸੀਖ ਲੈਂਦੇ ਹੋਏ ਇਸ ਵਾਰ ਵੀ ਜੀਰੀ ਸੀਜਨ ਦੌਰਾਨ ਪੰਜਾਬ ਨੂੰ ਚਾਰ ਹਿੱਸਿਆਂ ਵਿਚ ਵੰਡਿਆ ਜਾਵੇਗਾ। ਇਸ ਨਾਲ ਗਰਾਊਂਡ ਵਾਟਰ ਬਚਾਉਣ ਲਈ ਜੀਰੀ ਦੀ ਬੀਜਾਈ ਇਕੱਠੇ ਨਾ ਕਰਕੇ ਵੱਖ-ਵੱਖ ਸਮੇਂ ‘ਤੇ ਕੀਤੀ ਜਾਵੇਗੀ।
CM ਮਾਨ ਨੇ ਕਿਹਾ ਕਿ ਸਭ ਤੋਂ ਪਹਿਲੇ ਜ਼ੋਨ ਵਿਚ ਬਾਰਡਰ ਨਾਲ ਲੱਗਦੀ ਤਾਰ ਦੇ ਪਾਰ ਦੇ ਕਿਸਾਨ 10 ਜੂਨ ਤੋਂ ਜੀਰੀ ਦੀ ਬੀਜਾਈ ਕਰ ਸਕਣਗੇ। ਇਥੋਂ ਦੇ ਸਾਰੇ ਕਿਸਾਨਾਂ ਨੂੰ ਦਿਨ ਦੇ ਸਮੇਂ ਬਿਜਲੀ ਮੁਹੱਈਆ ਕਰਾਈ ਜਾਵੇਗੀ ਕਿਉਂਕਿ ਬਾਰਡਰ ਖੇਤਰ ਹੋਣ ਕਾਰਨ ਰਾਤ ਦੇ ਸਮੇਂ ਕਈ ਦਿੱਕਤਾਂ ਆਉਂਦੀਆਂ ਹਨ। ਮਾਨ ਨੇ ਕਿਹਾ ਕਿ ਇਹ ਸੁਝਾਅ ਕਿਸਾਨਾਂ ਵੱਲੋਂ ਹੀ ਦਿੱਤਾ ਗਿਆ ਸੀ। ਕਿਸਾਨਾਂ ਨੂੰ 8 ਘੰਟੇ ਜਾਂ ਇਸ ਤੋਂ ਕੁਝ ਵੱਧ ਸਮੇਂ ਤੱਕ ਵੀ ਬਿਜਲੀ ਮਿਲ ਸਕਦੀ ਹੈ।ਫਿਰੋਜ਼ਪੁਰ, ਫਰੀਦਕੋਟ, ਸ੍ਰੀ ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਸ਼ਹੀਦ ਭਗਤ ਸਿੰਘ ਨਗਰ ਤੇ ਤਰਨਤਾਰਨ ਦੇ ਕਿਸਾਨ ਵੀ 16 ਜੂਨ ਤੋਂ ਜੀਰੀ ਦੀ ਬੀਜਾਈ ਕਰ ਸਕਣਗੇ। ਇਸ ਲਈ 8 ਘੰਟੇ ਬਿਜਲੀ ਮਿਲੇਗੀ ਤੇ ਜਿਥੇ-ਜਿਥੇ ਨਹਿਰੀ ਪਾਣੀ ਦੀ ਸਹੂਲਤ ਹੈ, ਉਥੇ ਨਹਿਰੀ ਪਾਣੀ ਵੀ ਮਿਲੇਗਾ।
ਤੀਜੇ ਹਿੱਸੇ ਵਿਚ ਰੂਪਨਗਰ, ਰੋਪੜ, ਸਾਹਿਬਜਾਦਾ ਅਜੀਤ ਸਿੰਘ ਨਗਰ, ਮੋਹਾਲੀ, ਕਪੂਰਥਲਾ, ਲੁਧਿਆਣਾ, ਫਾਜ਼ਿਲਕਾ, ਬਠਿੰਡਾ ਤੇ ਅੰਮ੍ਰਿਤਸਰ ਦੇ ਕਿਸਾਨ 19 ਜੂਨ ਤੋਂ ਜੀਰੀ ਦੀ ਬੀਜਾਈ ਕਰ ਸਕਣਗੇ। ਇਸ ਤੋਂ ਇਲਾਵਾ 21 ਜੂਨ ਤੋਂ ਬਾਕੀ 9 ਜ਼ਿਲ੍ਹਿਆਂ ਦੇ ਕਿਸਾਨ ਜੀਰੀ ਦੀ ਬੀਜਾਈ ਕਰ ਸਕਣਗੇ। ਇਨ੍ਹਾਂ ਵਿਚ ਪਟਿਆਲਾ, ਜਲੰਧਰ, ਸ੍ਰੀ ਮੁਕਤਸਰ ਸਾਹਿਬ, ਹੁਸ਼ਿਆਰਪੁਰ, ਸੰਗਰੂਰ, ਮਾਲੇਰਕੋਟਲਾ, ਬਰਨਾਲਾ ਤੇ ਮਾਨਸਾ ਸ਼ਾਮਲ ਹਨ। ਇਥੇ 21 ਜੂਨ ਤੋਂ ਲਗਾਤਾਰ ਬਿਜਲੀ ਸਪਲਾਈ ਮਿਲੇਗੀ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੋਟਰ ਬੰਦ ਕਰਕੇ ਜੀਰੀ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਬਿਜਲੀ ਦੀ ਕੋਈ ਕਮੀ ਨਹੀਂ ਹੈ। ਡੇਢ ਮਹੀਨੇ ਦਾ ਕੋਲਾ ਮੌਜੂਦ ਹੈ। ਉਨ੍ਹਾਂ ਨੇ ਕਿਸਾਨਾਂ ਤੋਂ ਪੂਸਾ ਦੀ ਫਸਲ ਤੋਂ ਪਰਹੇਜ਼ ਕਰਨ ਨੂੰ ਵੀ ਕਿਹਾ ਕਿਉਂਕਿ ਇਸ ਨਾਲ ਸਮੇਂ ਤੇ ਬਿਜਲੀ-ਪਾਣੀ ਦੀ ਵਧ ਖਪਤ ਹੁੰਦੀ ਹੈ।
ਇਕ ਹੋਰ ਮਹੱਤਵਪੂਰਨ DSR ਦਾ ਫੈਸਲਾ ਕੀਤਾ ਗਿਆ ਹੈ ਜੋ ਕਿਸਾਨ ਬਿਨਾਂ ਕੱਦੂ ਦੇ ਸਿੱਧੀ ਬੀਜਾਈ ਕਰਨਗੇ, ਉੁਨ੍ਹਾਂ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸਨਮਾਨ ਰਕਮ ਦਿੱਤੀ ਜਾਵੇਗੀ ਕਿਉਂਕਿ ਪਾਣੀ ਬਚਾਉਣ ਵਾਲਿਆਂ ਦਾ ਸਨਮਾਨ ਕਰਨਾ ਬਣਦਾ ਹੈ ਭਾਵੇਂ ਹੀ ਇਸ ਨੂੰ ਸਬਸਿਡੀ ਕਹਿ ਲਿਆ ਜਾਵੇ।
ਸਰਕਾਰ ਦਾ ਗਰਾਊਂਡ ਵਾਟਰ ਬਚਾਉਣ ‘ਤੇ ਫੋਕਸ ਹੈ। ਭੂਮੀ ਹੇਠਲਾ ਪਾਣੀ ਸੁਰੱਖਿਅਤ ਕਰਨਾ ਹੀ ਪਾਰਟੀ ਦਾ ਮੁੱਖ ਮਕਸਦ ਹੈ। ਇਸ ਦੇ ਮੱਦੇਨਜ਼ਰ ਸਰਕਾਰ ਨੇ ਜੀਰੀ ਸੀਜਨ ਦੇ ਸਬੰਧੀ ਇਹ ਵੱਡਾ ਫੈਸਲਾ ਲਿਆ ਹੈ।