WhatsApp ਆਪਣੇ ਕਰੋੜਾਂ ਉਪਭੋਗਤਾਵਾਂ ਨੂੰ ਇਕ ਵਧੀਆ ਚੈਟਿੰਗ ਅਨੁਭਵ ਪ੍ਰਦਾਨ ਕਰਨ ਲਈ ਲਗਾਤਾਰ ਨਵੇਂ-ਨਵੇਂ ਫੀਚਰ ਲਿਆਉਂਦਾ ਹੈ। ਇਸ ਦੇ ਨਾਲ ਹੀ ਇਹ ਇੰਸਟੈਂਟ ਚੈਟਿੰਗ ਪਲੇਟਫਾਰਮ ਆਪਣੇ ਉਪਭੋਗਤਾਵਾਂ ਦੀ ਸੁਰੱਖਿਆ ਦਾ ਵੀ ਪੂਰਾ ਧਿਆਨ ਰੱਖਦਾ ਹੈ। ਇਸੇ ਤਹਿਤ WhatsApp ਨੇ ਆਪਣੇ ਉਪਭੋਗਤਾਵਾਂ ਲਈ ਇਕ ਨਵਾਂ ਪ੍ਰਾਈਵੇਸੀ ਫੀਚਰ ਲਾਂਚ ਕੀਤਾ ਹੈ, ਜਿਸ ਵਿਚ ਉਪਭੋਗਤਾ ਕਿਸੇ ਵੀ ਚੈਟ ਨੂੰ ਆਸਾਨੀ ਨਾਲ ਲਾਕ ਕਰ ਸਕਣਗੇ। ਇਸ ਫੀਚਰ ਦਾ ਨਾਂ ”ਚੈਟ ਲਾਕ” ਦੱਸਿਆ ਜਾ ਰਿਹਾ ਹੈ।
ਮਾਰਕ ਜ਼ੁਕਰਬਰਗ ਨੇ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਚੈਟ ਲਾਕ ਦੀ ਚਰਚਾ ਲੰਬੇ ਸਮੇਂ ਤੋਂ ਹੋ ਰਹੀ ਹੈ ਪਰ ਹੁਣ ਯੂਜ਼ਰਸ ਇਸ ਦਾ ਫਾਇਦਾ ਲੈ ਸਕਣਗੇ। ਇਹ ਉਨ੍ਹਾਂ ਉਪਭੋਗਤਾਵਾਂ ਲਈ ਫਾਇਦੇਮੰਦ ਸਾਬਤ ਹੋਵੇਗਾ ਜੋ ਆਪਣੀ ਨਿੱਜੀ ਅਤੇ ਸੰਵੇਦਨਸ਼ੀਲ ਚੈਟ ਨੂੰ ਲੁਕਾਉਣਾ ਚਾਹੁੰਦੇ ਹਨ।
ਇਸ ਫੀਚਰ ਦੇ ਜ਼ਰੀਏ, ਉਪਭੋਗਤਾ ਚੁਣੀਆਂ ਗਈਆਂ ਚੈਟਾਂ ਨੂੰ ਇਨਬਾਕਸ ਤੋਂ ਹਟਾ ਕੇ ਇਕ ਵਿਸ਼ੇਸ਼ ਫੋਲਡਰ ਵਿਚ ਸੁਰੱਖਿਅਤ ਰੂਪ ਨਾਲ ਸਟੋਰ ਕਰਨ ਦੇ ਯੋਗ ਹੋਣਗੇ। ਜਿਸ ਨੂੰ ਸਿਰਫ਼ ਪਾਸਵਰਡ ਅਤੇ ਬਾਇਓਮੈਟ੍ਰਿਕ ਪ੍ਰਮਾਣਿਕਤਾ ਰਾਹੀਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਸਥਿਤੀ ਵਿਚ, ਜੇਕਰ ਕੋਈ ਹੋਰ ਵਿਅਕਤੀ ਫੋਨ ਦੀ ਵਰਤੋਂ ਕਰਦਾ ਹੈ, ਤਾਂ ਵੀ ਉਸ ਨੂੰ ਇਹ ਨਹੀਂ ਪਤਾ ਹੋਵੇਗਾ ਕਿ ਇਨ੍ਹਾਂ ਚੈਟਸ ਵਿਚ ਕੀ ਹੈ। ਇੰਨਾ ਹੀ ਨਹੀਂ ਚੈਟ ਲਾਕ ਫੀਚਰ ਰਾਹੀਂ ਨੋਟੀਫਿਕੇਸ਼ਨ ‘ਚ ਭੇਜਣ ਵਾਲੇ ਅਤੇ ਮੈਸੇਜ ਦਾ ਪ੍ਰੀਵਿਊ ਵੀ ਨਹੀਂ ਦਿਖਾਈ ਦੇਵੇਗਾ। ਇਹ ਫੀਚਰ iOS ਅਤੇ Android ਦੋਵਾਂ ਉਪਭੋਗਤਾਵਾਂ ਲਈ ਉਪਲਬਧ ਹੈ।