05/16/2024 4:57 PM

ਦਿੱਲੀ ਹਾਈਵੇਅ ਜਾਮ, ਜੇਸੀਬੀ-ਟਿੱਪਰ ਮਾਲਕਾਂ ਨੇ ਸੜਕ ‘ਤੇ ਕੀਤਾ ਪ੍ਰਦਰਸ਼ਨ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਸਾਹਨੇਵਾਲ ਤੋਂ ਦੋਰਾਹਾ ਨੈਸ਼ਨਲ ਹਾਈਵੇਅ ਨੂੰ ਟਿੱਪਰ ਚਾਲਕਾਂ ਨੇ ਜਾਮ ਕਰ ਦਿੱਤਾ ਹੈ। ਇਹ ਧਰਨਾ ਟਿੱਪਰ ਯੂਨੀਅਨ ਵੱਲੋਂ ਗੁਰਦੁਆਰਾ ਅਤਰ ਸਾਹਿਬ ਨੇੜੇ ਲਾਇਆ ਗਿਆ ਹੈ। ਹਾਈਵੇਅ ਬੰਦ ਹੋਣ ਕਾਰਨ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਰੈਫਿਕ ਪੁਲੀਸ ਨੇ ਵਾਹਨ ਚਾਲਕਾਂ ਨੂੰ ਮੌਕੇ ’ਤੇ ਹੀ ਇਕ ਤਰਫਾ ਆਵਾਜਾਈ ਚਾਲੂ ਕਰਵਾਈ।

ਵੱਡੀ ਗਿਣਤੀ ਵਿੱਚ ਹਾਈਵੇਅ ਨੂੰ ਟਿੱਪਰ ਚਾਲਕਾਂ ਵੱਲੋਂ ਟਿੱਪਰ ਅਤੇ ਜੇ.ਸੀ.ਬੀ ਲਗਾ ਕੇ ਬੰਦ ਕਰ ਦਿੱਤਾ ਗਿਆ ਹੈ। ਹਾਈਵੇਅ ਨੂੰ ਬੰਦ ਕਰਨ ਦੀ ਸੂਚਨਾ ‘ਤੇ ਥਾਣਾ ਸਾਹਨੇਵਾਲ ਅਤੇ ਦੋਰਾਹਾ ਦੀ ਪੁਲਸ ਤੁਰੰਤ ਪਹੁੰਚ ਗਈ। ਟਿੱਪਰ ਯੂਨੀਅਨ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਕਿਹਾ ਕਿ ਪੁਲੀਸ ਪ੍ਰਸ਼ਾਸਨ ਉਨ੍ਹਾਂ ਨਾਲ ਧੱਕੇਸ਼ਾਹੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਜੇਸੀਬੀ ਚਾਲਕਾਂ ਵੱਲੋਂ 3 ਫੁੱਟ ਤੋਂ ਵੱਧ ਰੇਤ ਦੀ ਖੁਦਾਈ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਂਦਾ ਹੈ, ਜੋ ਕਿ ਸਰਾਸਰ ਗਲਤ ਹੈ। ਬਿਨਾਂ ਕਾਰਨ ਜੇਸੀਬੀ ਚਾਲਕਾਂ ਖ਼ਿਲਾਫ਼ ਨਾਜਾਇਜ਼ ਪਰਚੇ ਦਰਜ ਕੀਤੇ ਜਾ ਰਹੇ ਹਨ। ਸੂਬੇ ਦੇ ਕਈ ਟੋਏ ਬੰਦ ਪਏ ਹਨ। ਟਿੱਪਰ ਚਾਲਕਾਂ ਅਤੇ ਜੇਸੀਬੀ ਚਾਲਕਾਂ ਦਾ ਕਾਰੋਬਾਰ ਖ਼ਤਮ ਹੋ ਗਿਆ ਹੈ। ਸੋਮਵਾਰ ਤੜਕੇ ਹੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ  ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ।