ਚੰਡੀਗੜ੍ਹ: ਸ੍ਰੀ ਫਤਹਿਗੜ੍ਹ ਸਾਹਿਬ ਦੇ ਸੰਸਦ ਮੈਂਬਰ ਡਾ: ਅਮਰ ਸਿੰਘ ਨੇ ਅੱਜ ਦਿੱਲੀ ਵਿਖੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨਾਲ ਮੁਲਾਕਾਤ ਕੀਤੀ। ਡਾ: ਸਿੰਘ ਨੇ ਮੰਤਰੀ ਨੂੰ ਦੱਸਿਆ ਕਿ ਪੰਜਾਬ ਤੋਂ ਹਰ ਸਾਲ ਲੱਖਾਂ ਸ਼ਰਧਾਲੂ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਕਰਦੇ ਹਨ। ਇਸ ਦੇ ਬਾਵਜੂਦ ਨਾਂਦੇੜ ਹਵਾਈ ਅੱਡੇ ਲਈ ਕੋਈ ਉਡਾਣਾਂ ਨਹੀਂ ਹਨ।ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਜਦੋਂ ਦੇਸ਼ ਭਰ ਵਿੱਚ ਨਵੇਂ ਹਵਾਈ ਅੱਡੇ ਬਣਾਏ ਜਾ ਰਹੇ ਹਨ ਅਤੇ ਛੋਟੇ ਸ਼ਹਿਰਾਂ ਲਈ ਵੀ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਇਹ ਮੰਦਭਾਗਾ ਹੈ ਕਿ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਅਸਥਾਨਾਂ ਵਿੱਚੋਂ ਇੱਕ ਲਈ ਕੋਈ ਫਲਾਈਟ ਕਨੈਕਟੀਵਿਟੀ ਨਹੀਂ ਹੈ।
ਸਿੰਘ ਨੇ ਮੰਤਰੀ ਨੂੰ ਪੰਜਾਬ ਤੋਂ ਨਾਂਦੇੜ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਬੇਨਤੀ ਕਰਦਿਆਂ ਕਿਹਾ ਕਿ ਇਸ ਨਾਲ ਬਹੁਤ ਸਾਰੇ ਸ਼ਰਧਾਲੂਆਂ ਨੂੰ ਪੰਜਾਬ ਤੋਂ ਵਧੇਰੇ ਆਰਾਮ ਅਤੇ ਸਹੂਲਤ ਨਾਲ ਯਾਤਰਾ ਕਰਨ ਵਿੱਚ ਮਦਦ ਮਿਲੇਗੀ।
ਨਾਂਦੇੜ ਸਿੱਖ ਭਾਈਚਾਰੇ ਲਈ ਇੱਕ ਮਹੱਤਵਪੂਰਨ ਤੀਰਥ ਸਥਾਨ ਹੈ। ਜਿੱਥੇ ਲਈ ਸਿੱਧੀ ਉਡਾਣ ਨਾਲ ਸਫ਼ਰ ਸਿਰਫ਼ ਢਾਈ ਘੰਟੇ ਵਿੱਚ ਹੀ ਪੂਰਾ ਕੀਤਾ ਜਾ ਸਕਦਾ ਹੈ ਪਰ ਨਾਂਦੇੜ ਲਈ ਫਲਾਈਟ ਮੁਅੱਤਲ ਹੋਣ ਕਾਰਨ ਸ਼ਰਧਾਲੂਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਫਲਾਈਟ ਸੇਵਾ ਸਾਲ 2019 ਤੋਂ 2021 ਤੱਕ ਤਿੰਨ ਸਾਲਾਂ ਲਈ ਚਾਲੂ ਰਹੀ ਅਤੇ ਇਸਨੇ ਸ਼ਰਧਾਲੂਆਂ, ਗੈਰ-ਨਿਵਾਸੀ ਭਾਰਤੀਆਂ ਅਤੇ ਸੈਲਾਨੀਆਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਪੂਰਾ ਵੀ ਕੀਤਾ। ਪਰ ਪਿਛਲੇ ਦੋ ਸਾਲਾਂ ਤੋਂ ਇਹ ਫਲਾਈਟ ਸੇਵਾ ਠੱਪ ਹੋ ਚੁੱਕੀ ਹੈ।