ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਗ੍ਰਿਫਤਾਰੀ ਨੂੰ ਘਿਨਾਉਣੀ ਰਾਜਨੀਤੀ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਆਪ ਸਰਕਾਰ ਧੱਕੇਸ਼ਾਹੀ ਨਾਲ ਸਾਡੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਪਰ ਅਸੀਂ ਚੁੱਪ ਨਹੀਂ ਰਹਾਂਗੇ। ਰਾਜਾ ਵੜਿੰਗ ਨੇ ਕਿਹਾ ਕਿ ਸਰਕਾਰ ਦਾ ਡਰ ਸਾਫ਼ ਝਲਕ ਰਿਹਾ ਹੈ।
ਰਾਜਾ ਵੜਿੰਗ ਨੇ ਟਵੀਟ ਕਰਕੇ ਕਿਹਾ ਹੈ ਕਿ ਸਾਬਕਾ ਵਿਧਾਇਕ ਤੇ ਪੰਜਾਬ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਜੀ ਦੀ ਹਾਲ ਹੀ ਵਿੱਚ ਹੋਈ ਗ੍ਰਿਫਤਾਰੀ ਨਿੰਦਣਯੋਗ ਹੀ ਨਹੀਂ ਸਗੋਂ ਇਸ ਸਰਕਾਰ ਦੀ ਘਿਨਾਉਣੀ ਰਾਜਨੀਤੀ ਨੂੰ ਵੀ ਦਰਸਾਉਂਦੀ ਹੈ। ਸਰਕਾਰ ਦਾ ਡਰ ਸਾਫ਼ ਝਲਕ ਰਿਹਾ ਹੈ। ਜ਼ੀਰਾ ਸਾਬ ‘ਤੇ ਉਨ੍ਹਾਂ ਸਰਕਾਰੀ ਅਧਿਕਾਰੀਆਂ ਵਿਰੁੱਧ ਪ੍ਰਦਰਸ਼ਨ ਕਰਨ ਲਈ ਮੁਕਦਮਾ ਦਰਜ ਕੀਤਾ ਗਿਆ ਹੈ ਜੋ ਆਪਣੀ ਡਿਊਟੀ ਨਹੀਂ ਨਿਭਾਅ ਰਹੇ ਸਨ। ਆਪ ਸਰਕਾਰ ਧੱਕੇਸ਼ਾਹੀ ਨਾਲ ਸਾਡੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਪਰ ਅਸੀਂ ਚੁੱਪ ਨਹੀਂ ਰਹਾਂਗੇ, ਇਸ ਬਦਲਾਖੋਰੀ ਵਿਰੁੱਧ ਪੰਜਾਬ ਕਾਂਗਰਸ ਵੱਲੋਂ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਦੱਸ ਦਈਏ ਕਿ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਜੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਤੇ ਕਾਂਗਰਸ ਦੇ ਨੇਤਾ ਨੂੰ ਪੁਲਿਸ ਨੇ ਉਨ੍ਹਾਂ ਦੇ ਘਰ ਤੋ ਗ੍ਰਿਫਤਾਰ ਕਰ ਲਿਆ ਹੈ। ਸਾਬਕਾ ਵਿਧਾਇਕ ਕੁਲਬੀਰ ਜੀਰਾ ਨੇ ਐਲਾਨ ਕੀਤਾ ਸੀ ਕਿ ਉਹ ਅੱਜ 11 ਵਜੇ ਐਸਐਸਪੀ ਦਫਤਰ ਫਿਰੋਜੁਪਰ ਵਿੱਚ ਪ੍ਰੈੱਸ ਕਾਨਫਰੰਸ ਕਰਨਗੇ ਤੇ ਪੁਲਿਸ ਤੇ ਪ੍ਰਸ਼ਾਸਨ ਦੇ ਤੇ ਆਮ ਆਦਮੀ ਪਾਰਟੀ ਦੇ ਨੇਤਾਵਾ ਦੇ ਕਾਲੇ ਚਿੱਠੇ ਖੋਲ੍ਹਣਗੇ ।
ਬੀਤੇ ਕੁਝ ਦਿਨ ਪਹਿਲਾ ਕੁਲਬੀਰ ਜੀਰਾ ਨੇ ਬੀਡੀਪੀਓ ਦੇ ਦਫਤਰ ਅੰਦਰ ਆਪਣੇ ਵਰਕਰਾ ਨਾਲ ਧਰਨਾ ਲਾਇਆ ਸੀ ਜਿਸ ਵਿੱਚ ਰਾਜਾ ਵੜਿੰਗ, ਸੁਖਜਿਦਰ ਰੰਧਾਵਾ ਵੀ ਪਹੁੰਚੇ ਸੀ ਤੇ ਰਾਜਾ ਵੜਿੰਗ ਨੇ ਇਹ ਧਰਨਾ ਚੁੱਕਵਾਇਆ ਸੀ। ਉਸ ਤੋਂ ਬਾਅਦ ਪ੍ਰਸ਼ਾਸਨ ਦੇ ਕਹਿਣ ਤੇ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੇ ਉਨ੍ਹਾਂ ਦੇ 70 ਤੋ 80 ਅਣਪਛਾਤੇ ਲੋਕਾ ਤੇ ਮਾਮਲਾ ਦਰਜ ਕਰ ਲਿਆ ਗਿਆ ਸੀ।
ਅੱਜ ਦਿਨ ਚੜ੍ਹਨ ਤੋਂ ਪਹਿਲਾੰ ਹੀ ਕੁਲਬੀਰ ਜ਼ੀਰਾ ਨੂੰ ਫਿਰੋਜਪੁਰ ਪੁਲਿਸ ਨੇ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਥਾਣਾ ਸਿਟੀ ਜ਼ੀਰਾ ਲੈ ਕੇ ਜਾਇਆ ਗਿਆ। ਉਸ ਤੋ ਬਾਅਦ ਥਾਣਾ ਸਦਰ ਜ਼ੀਰਾ ਲੈ ਕੇ ਜਾਇਆ ਗਿਆ ਹੈ।