04/19/2024 10:53 PM

ਬੀਜੇਪੀ ਦੀ ਕਮਾਨ ਸੰਭਾਲਣਗੇ ਕੈਪਟਨ? ਪੀਐਮ ਮੋਦੀ ਨਾਲ ਮੁਲਾਕਾਤ ਮਗਰੋਂ ਛਿੜੀ ਚਰਚਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਪੁੱਤਰ ਰਣਇੰਦਰ ਸਿੰਘ ਸਣੇ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਮਗਰੋਂ ਨਵੀਂ ਚਰਚਾ ਛਿੜ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ ਬੀਜੇਪੀ ਦੀ ਕਮਾਨ ਸੰਭਲ ਸਕਦੇ ਹਨ।

ਦਰਅਸਲ ਬੀਜੇਪੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਕੈਪਟਨ ਨੂੰ ਬੀਜੇਪੀ ਵਿੱਚ ਲਿਆਉਣਾ ਚਾਹੁੰਦੀ ਪਰ ਉਨ੍ਹਾਂ ਨੇ ਵੱਖਰੀ ਪਾਰਟੀ ਪੰਜਾਬ ਲੋਕ ਕਾਂਗਰਸ ਬਣਾ ਕੇ ਬੀਜੇਪੀ ਨਾਲ ਗੱਠਜੋੜ ਤਹਿਤ ਚੋਣਾਂ ਲੜੀਆਂ ਸੀ। ਇਸ ਨਾਲ ਨਾ ਤਾਂ ਬੀਜੇਪੀ ਨੂੰ ਕੋਈ ਫਾਇਦਾ ਹੋਇਆ ਤੇ ਨਾ ਹੀ ਕੈਪਟਨ ਨੂੰ ਕੋਈ ਹੁੰਗਾਰਾ ਮਿਲਿਆ। ਚੋਣਾਂ ਦੌਰਾਨ ਕੈਪਟਨ ਆਪਣਾ ਹਲਕਾ ਵੀ ਨਾ ਜਿੱਤ ਸਕੇ।

ਇਸ ਲਈ ਚਰਚਾ ਹੈ ਕਿ ਕੈਪਟਨ ਕੋਲ ਬੀਜੇਪੀ ਵਿੱਚ ਜਾਣ ਤੋਂ ਬਗੈਰ ਕੋਈ ਚਾਰਾ ਨਹੀਂ। ਉਧਰ ਬੀਜੇਪੀ ਕੋਲ ਵੀ ਵੱਡੇ ਕੱਦ ਦਾ ਕੋਈ ਲੀਡਰ ਨਹੀਂ ਜੋ ਪੰਜਾਬ ਵਿੱਚ ਪਾਰਟੀ ਦੀਆਂ ਜੜ੍ਹਾਂ ਮਜਬੂਤ ਕਰ ਸਕੇ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਕੈਪਟਨ ਬੀਜੇਪੀ ਵਿੱਚ ਜਾ ਸਕਦੇ ਹਨ। ਇਸ ਤੋਂ ਪਹਿਲਾਂ ਵੀ ਕੈਪਟਨ ਧੜੇ ਦੇ ਕਈ ਲੀਡਰ ਬੀਜੇਪੀ ਵਿੱਚ ਜਾ ਚੁੱਕੇ ਹਨ।

ਦਰਅਸਲ ਇਹ ਚਰਚਾ ਕੈਪਟਨ ਅਮਰਿੰਦਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਮਗਰੋਂ ਹੋਰ ਤੇਜ਼ ਹੋਈ ਹੈ। ਕੈਪਟਨ ਨੇ ਮੁਲਾਕਾਤ ਮਗਰੋਂ ਕਿਹਾ ਕਿ ਪੀਐਮ ਮੋਦੀ ਨਾਲ ਮਿਲਣੀ ਨਿੱਘ ਵਾਲੀ ਰਹੀ ਤੇ ਪੰਜਾਬ ਦੇ ਕਈ ਮਸਲੇ ਵਿਚਾਰੇ। ਉਨ੍ਹਾਂ ਦੱਸਿਆ ਕਿ ਦੋਹਾਂ ਨੇ ਦੇਸ਼ ਤੇ ਸੂਬੇ ਦੀ ਸੁਰੱਖਿਆ ਬਾਰੇ ਚਰਚਾ ਕੀਤੀ ਤੇ ਮਿਲ ਕੇ ਕੰਮ ਕਰਨ ਦਾ ਇਰਾਦਾ ਪ੍ਰਗਟਾਇਆ। ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਸਰੱਹਦੀ ਸੂਬੇ ਵਿੱਚ ਸੁਰੱਖਿਆ ਦਾ ਮੁੱਦਾ ਹਮੇਸ਼ਾਂ ਉਠਾਇਆ ਜਾਂਦਾ ਰਿਹਾ ਹੈ।

ਪ੍ਰਨੀਤ ਕੌਰ ਨੂੰ ਕਾਂਗਰਸ ‘ਚੋਂ ਕੱਢਣ ਦੀ ਮੰਗ 

ਉਧਰ, ਕਾਂਗਰਸੀਆਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਪਟਿਆਲਾ ਤੋਂ ਐਮਪੀ ਪ੍ਰਨੀਤ ਕੌਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਪ੍ਰਨੀਤ ਨੂੰ ਕਾਂਗਰਸ ਤੋਂ ਕੱਢਣ ਦੀ ਮੰਗ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਕੱਲ੍ਹ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਦੌਰਾਨ ਇਸ ਸਬੰਧੀ ਮਤਾ ਵੀ ਪਾਸ ਕੀਤਾ ਗਿਆ ਸੀ। ਇਸ ਮੀਟਿੰਗ ਵਿੱਚ ਹਰੀਸ਼ ਚੌਧਰੀ , ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਮੌਜੂਦ ਸਨ। ਪੰਜਾਬ ਕਾਂਗਰਸ ਦਾ ਦਾਅਵਾ ਹੈ ਕਿ ਸੰਸਦ ਮੈਂਬਰ ਪ੍ਰਨੀਤ ਕੌਰ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੀ ਹੈ। ਮੀਟਿੰਗ ਵਿੱਚ ਰਾਜਪੁਰਾ ਤੋਂ ਸਾਬਕਾ ਵਿਧਾਇਕ ਹਰਦਿਆਲ ਕੰਬੋਜ ਅਤੇ ਫਰੀਦਕੋਟ ਤੋਂ ਸਾਬਕਾ ਵਿਧਾਇਕ ਕਿੱਕੀ ਢਿੱਲੋਂ ਨੇ ਇਸ ਸਬੰਧੀ ਸਪੱਸ਼ਟੀਕਰਨ ਮੰਗਿਆ ਹੈ।