ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ (Transport Minister Laljit Singh Bhullar) ਨੇ ਸਰਕਾਰੀ ਬੱਸਾਂ (Government buses) ਵਿੱਚੋਂ ਤੇਲ ਚੋਰੀ ਦੀਆਂ ਘਟਨਾਵਾਂ ਨੂੰ ਠੱਲ੍ਹਣ ਲਈ ਤਿੰਨ ਸੂਬਾ ਪੱਧਰੀ ਟੀਮਾਂ ਸਣੇ ਡਿੱਪੂ ਪੱਧਰੀ ਛਾਪੇਮਾਰ ਟੀਮਾਂ ਗਠਤ ਕੀਤੀਆਂ ਹਨ। ਰਾਜ ਪੱਧਰੀ ਤਿੰਨ ਟੀਮਾਂ ਨੂੰ ਸਿੱਧੇ ਤੌਰ ’ਤੇ ਟਰਾਂਸਪੋਰਟ ਮੰਤਰੀ ਨੂੰ ਰਿਪੋਰਟ ਕਰਨ ਲਈ ਪਾਬੰਦ ਕੀਤਾ ਗਿਆ ਹੈ ਜਦਕਿ ਡਿੱਪੂ ਪੱਧਰੀ ਟੀਮਾਂ ਸਬੰਧਤ ਜਨਰਲ ਮੈਨੇਜਰ, ਡਿੱਪੂ ਮੈਨੇਜਰ ਨੂੰ ਰਿਪੋਰਟ ਕਰਨਗੀਆਂ।
ਭੁੱਲਰ ਨੇ ਦੱਸਿਆ ਦੱਸਿਆ ਕਿ ਸੂਬਾ ਪੱਧਰੀ ਟੀਮਾਂ ਕਦੇ ਤੇ ਕਿਤੇ ਵੀ ਛਾਪਾ ਮਾਰ ਸਕਦੀਆਂ ਹਨ ਤੇ ਉਨ੍ਹਾਂ ਨੂੰ ਸਿੱਧੇ ਤੌਰ ’ਤੇ ਰਿਪੋਰਟ ਕਰਨਗੀਆਂ। ਇਸੇ ਤਰ੍ਹਾਂ ਇੱਕ ਦਿਨ ਵਿੱਚ ਆਪਣੀ 8-8 ਘੰਟੇ ਦੀ ਰੋਟੇਸ਼ਨ ਡਿਊਟੀ ਦੌਰਾਨ ਡਿੱਪੂ ਪੱਧਰੀ 3-3 ਟੀਮਾਂ ਸਬੰਧਤ ਬੱਸ ਸਟੈਂਡ ਅਤੇ ਵਰਕਸ਼ਾਪ ਵਿੱਚ ਆਉਣ-ਜਾਣ ਵਾਲੀਆਂ ਤੇ ਰਾਤ ਨੂੰ ਰੁਕਣ ਵਾਲੀਆਂ ਬੱਸਾਂ ’ਤੇ ਸਖ਼ਤ ਨਜ਼ਰ ਰੱਖਣਗੀਆਂ।
ਉਹ ਸਬੰਧਤ ਜਨਰਲ ਮੈਨੇਜਰ, ਡਿੱਪੂ ਮੈਨੇਜਰ ਨੂੰ ਰਿਪੋਰਟ ਕਰਨਗੀਆਂ। ਸਮੂਹ ਜਨਰਲ ਮੈਨੇਜਰਾਂ, ਡਿੱਪੂ ਮੈਨੇਜਰਾਂ ਨੂੰ ਡਿੱਪੂ ਪੱਧਰ ’ਤੇ ਇੰਸਪੈਕਟਰਾਂ ਅਤੇ ਸਬ-ਇੰਸਪੈਕਟਰਾਂ ਦੀਆਂ 3-3 ਟੀਮਾਂ ਗਠਤ ਕਰਨ ਲਈ ਪਹਿਲਾਂ ਹੀ ਹਦਾਇਤ ਕਰ ਦਿੱਤੀ ਗਈ ਹੈ।
ਡਿੱਪੂ ਪੱਧਰੀ ਟੀਮਾਂ ਦੀ ਰਿਪੋਰਟ ਜਨਰਲ ਮੈਨੇਜਰ, ਡਿੱਪੂ ਮੈਨੇਜਰ ਹਰ 15ਵੇਂ ਦਿਨ ਮੁੱਖ ਦਫਤਰ ਨੂੰ ਭੇਜਣਗੇ। ਮੰਤਰੀ ਨੇ ਜਨਰਲ ਮੈਨੇਜਰਾਂ, ਡਿੱਪੂ ਮੈਨੇਜਰਾਂ ਨੂੰ ਹਦਾਇਤ ਕੀਤੀ ਕਿ ਉਹ ਹਫ਼ਤੇ ਵਿੱਚ 3 ਦਿਨ (ਮੰਗਲਵਾਰ, ਵੀਰਵਾਰ ਤੇ ਸ਼ਨਿਚਰਵਾਰ) ਖੁਦ ਚੈਕਿੰਗ ਕਰਨਗੇ ਤੇ ਫੜੇ ਹੋਏ ਕੇਸਾਂ ਸਬੰਧੀ ਰਿਪੋਰਟ ਮੈਨੇਜਿੰਗ ਡਾਇਰੈਕਟਰ ਨੂੰ ਪੇਸ਼ ਕਰਨਗੇ। ਮੁੱਖ ਦਫਤਰ ਦੀ ਚੈਕਿੰਗ ਟੀਮ ਵੱਲੋਂ ਕਿਸੇ ਬੱਸ ਸਟੈਂਡ ਉੱਤੇ ਡੀਜ਼ਲ ਚੋਰੀ ਫੜੇ ਜਾਣ ’ਤੇ ਸਾਰੀ ਜ਼ਿੰਮੇਵਾਰੀ ਸਬੰਧਤ ਬੱਸ ਸਟੈਂਡ ’ਤੇ ਤਾਇਨਾਤ ਚੈਕਿੰਗ ਟੀਮਾਂ ਤੇ ਸਟਾਫ ਦੀ ਹੋਵੇਗੀ।