ਮੋਹਾਲੀ ਦੇ ਆਈਐਸ ਬਿੰਦਰਾ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਮੰਗਲਵਾਰ ਨੂੰ ਭਾਰਤ ਅਤੇ ਆਸਟਰੇਲੀਆ ਵਿਚਾਲੇ ਹੋਣ ਵਾਲੇ ਟੀ-20 ਮੈਚ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਪੁਲਿਸ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹਨ। ਖਿਡਾਰੀਆਂ ਅਤੇ ਦਰਸ਼ਕਾਂ ਦੀ ਸੁਰੱਖਿਆ ਲਈ 1500 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। 105 ਅਤਿ-ਆਧੁਨਿਕ ਕੈਮਰੇ ਲਗਾਏ ਗਏ ਹਨ ,ਜੋ ਫੇਸ ਰੀਡਿੰਗ ਤੋਂ ਲੈ ਕੇ ਚਲਦੇ ਵਾਹਨਾਂ ਤੱਕ ਦੇ ਨੰਬਰਾਂ ਨੂੰ ਪੜ੍ਹਨ ਦੇ ਸਮਰੱਥ ਹਨ। ਲੋਕਾਂ ਦੀ ਸਹੂਲਤ ਲਈ ਵਿਸ਼ੇਸ਼ ਟਰੈਫਿਕ ਰੂਟ ਤੈਅ ਕੀਤੇ ਗਏ ਹਨ। ਇਸ ਤੋਂ ਇਲਾਵਾ ਸੱਤ ਪਾਰਕਿੰਗ ਲਾਟ ਬਣਾਏ ਗਏ ਹਨ, ਜਿੱਥੇ ਲੋਕ ਆਪਣੇ ਵਾਹਨ ਪਾਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਪੀਸੀਏ ਦੇ ਆਲੇ-ਦੁਆਲੇ ਦੇ ਖੇਤਰ ਨੂੰ ਨੋ ਫਲਾਇੰਗ ਜ਼ੋਨ ਐਲਾਨਿਆ ਗਿਆ ਹੈ।
ਗੇਟ ਨੰਬਰ ਇਕ-ਡੀ, 11 ਅਤੇ 14 ਤੋਂ ਸਟੇਡੀਅਮ ਵਿਚ ਦਾਖਲ ਹੋਣ ਵਾਲਿਆਂ ਲਈ ਪਾਰਕਿੰਗ ਫੇਜ਼-10 ਦੇ ਹਾਕੀ ਸਟੇਡੀਅਮ ਅਤੇ ਮਾਰਕੀਟ ਦੇ ਅੰਦਰਲੇ ਪਿਛਲੇ ਗੇਟ ਤੋਂ ਹੋਵੇਗੀ। ਪੁੱਡਾ ਭਵਨ ਨੇੜੇ ਗੇਟ ਨੰਬਰ 5, 6, 7, 9 ਅਤੇ 10 ਤੋਂ ਦਾਖਲ ਹੋਣ ਵਾਲਿਆਂ ਲਈ ਵਣ ਭਵਨ ਨੇੜੇ ਅਤੇ ਮੰਡੀ ਨੇੜੇ ਪਾਰਕਿੰਗ ਦੇ ਪ੍ਰਬੰਧ ਕੀਤੇ ਗਏ ਹਨ। ਪੁਲਿਸ ਵੱਲੋਂ ਦੱਸਿਆ ਗਿਆ ਕਿ ਪਾਇਲਟ ਐਸਕਾਰਟ ਲਈ ਪਾਰਕਿੰਗ ਪੀਸੀਏ ਤੋਂ ਟੀ ਪੁਆਇੰਟ ਨਾਈਪਰ ਰੋਡ ਤੱਕ ਹੋਵੇਗੀ।
ਬਲੌਂਗੀ ਨਾਈਪਰ ਰੋਡ ‘ਤੇ ਆਵਾਜਾਈ ਆਮ ਵਾਂਗ ਜਾਰੀ ਰਹੇਗੀ। ਨਿੱਪਰ ਪੁਲ ਅਤੇ ਸੈਕਟਰ-68 ਤੋਂ ਫੇਜ਼ 9 ਨੂੰ ਜਾਣ ਵਾਲੀ ਸੜਕ ਆਮ ਲੋਕਾਂ ਲਈ ਬੰਦ ਰਹੇਗੀ। ਚੰਡੀਗੜ੍ਹ ਟ੍ਰਿਬਿਊਨ ਚੌਕ ਤੋਂ ਹਵਾਈ ਅੱਡੇ ਨੂੰ ਜਾਣ ਵਾਲੀ ਸੜਕ ’ਤੇ ਆਵਾਜਾਈ ਆਮ ਵਾਂਗ ਜਾਰੀ ਰਹੇਗੀ। ਇਸ ਸੜਕ ਰਾਹੀਂ ਲੋਕ ਇੱਕ ਪਾਸੇ ਏਅਰਪੋਰਟ ਜਾਂ ਪਟਿਆਲਾ ਵੱਲ ਜਾ ਸਕਦੇ ਹਨ ਅਤੇ ਦੂਜੇ ਪਾਸੇ ਖਰੜ ਵੱਲ ਜਾ ਸਕਦੇ ਹਨ।
ਸੈਕਟਰ-45-46 ਤੋਂ ਪੀਸੀਏ ਵੱਲ ਆਉਣ ਵਾਲੀ ਸੜਕ ’ਤੇ ਵੀ.ਵੀ.ਆਈ.ਪੀ. ਰੂਟ ਰਹੇਗਾ। ਇਸ ਸੜਕ ‘ਤੇ ਫੇਜ਼ 9 ਅਤੇ 10 ਦੇ ਲਾਈਟ ਪੁਆਇੰਟ ਤੋਂ ਆਮ ਲੋਕਾਂ ਲਈ ਆਵਾਜਾਈ ਨੂੰ ਡਾਇਵਰਟ ਕੀਤਾ ਗਿਆ ਹੈ। ਇਸ ਸੜਕ ‘ਤੇ ਤੁਸੀਂ ਮੋਹਾਲੀ ਖੇਤਰ ਵਿਚ ਜਾ ਸਕਦੇ ਹੋ। ਸੈਕਟਰ 44-45 ਤੋਂ ਮੁਹਾਲੀ ਨੂੰ ਆਉਣ ਵਾਲੀ ਸੜਕ ’ਤੇ ਟ੍ਰੈਫਿਕ ਚੱਲਦਾ ਰਹੇਗਾ।