ਜਲੰਧਰ 13 ਜੁਲਾਈ (EN) ਆਰਮੀ ਇੰਟਰ ਕਮਾਂਡ ਹਾਕੀ ਚੈਂਪੀਅਨਸ਼ਿਪ 2024-25 ਅੱਜ ਵਜਰਾ ਐਸਟਰੋਟਰਫ ਹਾਕੀ ਸਟੇਡੀਅਮ, ਜਲੰਧਰ ਛਾਉਣੀ ਵਿਖੇ ਇੱਕ ਸ਼ਾਨਦਾਰ ਸਮਾਰੋਹ ਨਾਲ ਸਮਾਪਤ ਹੋਈ। ਆਰਮੀ ਸਪੋਰਟਸ ਕੰਟਰੋਲ ਬੋਰਡ (ਏ.ਐਸ.ਸੀ.ਬੀ.) ਦੁਆਰਾ ਕਰਵਾਈ ਜਾਂਦੀ ਦੋ-ਸਾਲਾ ਚੈਂਪੀਅਨਸ਼ਿਪ, ਜਿਸ ਵਿੱਚ ਛੇ ਟੀਮਾਂ ਸ਼ਾਮਲ ਹਨ, ਭਾਰਤੀ ਸੈਨਾ ਦੀਆਂ ਛੇ ਕਮਾਂਡਾਂ ਵਿੱਚੋਂ ਇੱਕ-ਇੱਕ, ਇੱਕ ਰਾਊਂਡ ਰੋਬਿਨ ਫਾਰਮੈਟ ਵਿੱਚ ਖੇਡੀ ਜਾਂਦੀ ਹੈ ਜਿਸ ਵਿੱਚ ਹਰੇਕ ਟੀਮ ਹਰ ਦੂਜੀ ਟੀਮ ਦੇ ਵਿਰੁੱਧ ਖੇਡਦੀ ਹੈ ਅਤੇ ਫਾਈਨਲ ਲੀਗ ਪੜਾਅ ਦੀਆਂ ਚੋਟੀ ਦੀਆਂ ਦੋ ਟੀਮਾਂ ਵਿਚਕਾਰ ਖੇਡਿਆ ਜਾਂਦਾ ਹੈ। ਚੈਂਪੀਅਨਸ਼ਿਪ ਖੇਡ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਅਤੇ ਖੇਡਾਂ ਵਿੱਚ ਉੱਤਮਤਾ ਦੀ ਪਰੰਪਰਾ ਨੂੰ ਕਾਇਮ ਰੱਖਣ ਲਈ ਭਾਰਤੀ ਸੈਨਾ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਆਰਮੀ ਇੰਟਰ ਕਮਾਂਡ ਹਾਕੀ ਚੈਂਪੀਅਨਸ਼ਿਪ 2024-25 ਲਈ ਉਦਘਾਟਨੀ ਸਮਾਰੋਹ 07, ਜੁਲਾਈ 2024 ਨੂੰ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਲੈਫਟੀਨੈਂਟ ਜਨਰਲ ਅਜੈ ਚਾਂਦਪੁਰੀਆ, ਜੀਓਸੀ ਵਜਰਾ ਕੋਰ, ਮੁੱਖ ਮਹਿਮਾਨ ਸਨ। ਹਫ਼ਤਾ ਭਰ ਚੱਲਣ ਵਾਲੀ ਇਸ ਚੈਂਪੀਅਨਸ਼ਿਪ ਵਿੱਚ ਹਰੇਕ ਟੀਮ ਵੱਲੋਂ ਰਣਨੀਤਕ ਸੂਝ-ਬੂਝ, ਸਰੀਰਕ ਹੁਨਰ ਅਤੇ ਅਟੁੱਟ ਟੀਮ ਭਾਵਨਾ ਨੂੰ ਪ੍ਰਦਰਸ਼ਿਤ ਕਰਨ ਦੇ ਨਾਲ ਤਿੱਖਾ ਮੁਕਾਬਲਾ ਅਤੇ ਰੋਮਾਂਚ ਦਿਖਾਇਆ ਗਿਆ। ਹਫ਼ਤੇ ਭਰ ਚੱਲੇ ਇਸ ਟੂਰਨਾਮੈਂਟ ਦਾ ਫਾਈਨਲ ਮੈਚ ਪੱਛਮੀ ਕਮਾਂਡ ਅਤੇ ਦੱਖਣੀ ਕਮਾਂਡ ਵਿਚਕਾਰ ਦਰਸ਼ਕਾਂ ਨੂੰ ਕੀਲਣ ਲਈ ਇੱਕ ਸ਼ਾਨਦਾਰ ਪ੍ਰਦਰਸ਼ਨ ਸੀ। ਦਿਲਚਸਪ ਫਾਈਨਲ ਮੈਚ ਵੈਸਟਰਨ ਕਮਾਂਡ ਟੀਮ ਨੇ ਜਿੱਤਿਆ, ਜੋ ਇਸ ਅਸਾਧਾਰਨ ਟੂਰਨਾਮੈਂਟ ਦੇ ਸਮਾਪਨ ਲਈ ਬਹੁਤ ਵਧੀਆ ਮੈਚ ਰਿਹਾ। ਸਾਬਕਾ ਓਲੰਪੀਅਨ ਲੈਫਟੀਨੈਂਟ ਕਰਨਲ ਆਰ.ਐਸ. ਕੁਲਾਰ (ਸੇਵਾਮੁਕਤ), ਸ਼੍ਰੀ ਗੁਰਦੀਪ ਕੁਮਾਰ ਅਤੇ ਕਰਨਲ ਬਲਬੀਰ ਸਿੰਘ (ਸੇਵਾਮੁਕਤ ਅਰਜੁਨ ਐਵਾਰਡੀ ) ਨੇ ਵੀ ਇਸ ਮੈਚ ਦਾ ਆਨੰਦ ਮਾਣਿਆ। ਸ਼ਾਨਦਾਰ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਪੱਛਮੀ ਕਮਾਂਡ ਦੇ ਜੀਓਸੀ- ਇਨ-ਸੀ ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਨੇ ਇਨਾਮ ਵੰਡੇ ਅਤੇ ਸਾਰੀਆਂ ਟੀਮਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਅਦੁੱਤੀ ਮੁਕਾਬਲੇ ਦੀ ਭਾਵਨਾ ਲਈ ਵਧਾਈ ਦਿੱਤੀ।