ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਸੰਸਦ ਦਾ ਸਰਦ ਰੁੱਤ ਸੈਸ਼ਨ 7 ਦਸੰਬਰ ਤੋਂ ਸ਼ੁਰੂ ਹੋ ਕੇ 29 ਦਸੰਬਰ ਤੱਕ ਚੱਲੇਗਾ। ਉਹਨਾਂ ਨੇ ਇਕ ਟਵੀਟ ਵਿਚ ਕਿਹਾ, “ਸੰਸਦ ਦਾ ਸਰਦ ਰੁੱਤ ਸੈਸ਼ਨ 7 ਦਸੰਬਰ ਤੋਂ ਸ਼ੁਰੂ ਹੋਵੇਗਾ ਅਤੇ 29 ਦਸੰਬਰ ਤੱਕ ਚੱਲੇਗਾ। ਇਸ ਦੌਰਾਨ 23 ਦਿਨਾਂ ਵਿਚ 17 ਬੈਠਕਾਂ ਹੋਣਗੀਆਂ। ਸੈਸ਼ਨ ਦੌਰਾਨ (ਅਸੀਂ) ਵਿਧਾਨਕ ਚਰਚਾ ਲਈ ਉਤਸੁਕ ਹਾਂ।”
ਮੀਡੀਆ ਰਿਪੋਰਟਾਂ ਮੁਤਾਬਕ ਇਹ ਪਹਿਲਾ ਸੈਸ਼ਨ ਹੋਵੇਗਾ, ਜਿਸ ਦੌਰਾਨ ਉਪ ਰਾਸ਼ਟਰਪਤੀ ਜਗਦੀਪ ਧਨਖੜ ਰਾਜ ਸਭਾ ਦੀ ਕਾਰਵਾਈ ਦੀ ਪ੍ਰਧਾਨਗੀ ਕਰਨਗੇ। ਇਜਲਾਸ ਅਜਿਹੇ ਸਮੇਂ ਸ਼ੁਰੂ ਹੋਵੇਗਾ ਜਦੋਂ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਚੋਣ ਲਹਿਰ ਹੋਵੇਗੀ। ਨਿਊਜ਼ ਏਜੰਸੀ ਏਐਨਆਈ ਅਨੁਸਾਰ ਜਿੱਥੇ ਸਰਕਾਰ ਸੰਸਦ ਦੇ ਆਗਾਮੀ ਸੈਸ਼ਨ ਦੌਰਾਨ ਕਈ ਬਿੱਲ ਪਾਸ ਕਰਨ ਦੀ ਯੋਜਨਾ ਬਣਾ ਰਹੀ ਹੈ, ਵਿਰੋਧੀ ਧਿਰ ਜ਼ਰੂਰੀ ਮਾਮਲਿਆਂ ‘ਤੇ ਚਰਚਾ ਦੀ ਮੰਗ ਕਰ ਸਕਦੀ ਹੈ।