ਪੰਜਾਬ ਦੀ ਜਲੰਧਰ ਸਿਟੀ ਪੁਲਿਸ ਨੇ ਜਾਅਲੀ ਡਿਗਰੀਆਂ ਬਣਾਉਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਦੇ ਮਾਸਟਰਮਾਈਂਡ ਅਤੇ ਉਸ ਦੇ ਇਕ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 196 ਜਾਅਲੀ ਡਿਗਰੀਆਂ, 53 ਜਾਅਲੀ ਸਟੈਂਪ, 6 ਲੈਪਟਾਪ, 3 ਪ੍ਰਿੰਟਰ, 1 ਸਟੈਂਪ ਮਸ਼ੀਨ ਅਤੇ 8 ਮੋਬਾਈਲ ਫੋਨ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਪੁਲਿਸ ਜਲਦ ਹੀ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕਰੇਗੀ।ਜਾਣਕਾਰੀ ਮੁਤਾਬਕ ਦੇਰ ਰਾਤ ਚੌਕੀ ਜਲੰਧਰ ਹਾਈਟਸ ਦੇ ਇੰਚਾਰਜ ਗੁਰਵਿੰਦਰ ਸਿੰਘ ਵਿਰਕ ਨੂੰ ਸੂਚਨਾ ਮਿਲੀ ਸੀ ਕਿ ਉਕਤ ਦੋਵੇਂ ਦੋਸ਼ੀ ਉਨ੍ਹਾਂ ਦੇ ਇਲਾਕੇ ‘ਚ ਹਨ ਅਤੇ ਉਹ ਜਾਅਲੀ ਡਿਗਰੀਆਂ ਬਣਾਉਣ ਦਾ ਧੰਦਾ ਕਰ ਰਹੇ ਹਨ। ਵਿਰਕ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਤੁਰੰਤ ਆਪਣੀ ਟੀਮ ਨਾਲ ਛਾਪੇਮਾਰੀ ਕਰਕੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਜਦੋਂ ਮੁਲਜ਼ਮਾਂ ਨੂੰ ਥਾਣੇ ਲਿਆ ਕੇ ਪੁੱਛਗਿੱਛ ਸ਼ੁਰੂ ਕੀਤੀ ਗਈ ਤਾਂ ਮੁਲਜ਼ਮਾਂ ਕੋਲੋਂ 196 ਜਾਅਲੀ ਡਿਗਰੀਆਂ ਬਰਾਮਦ ਹੋਈਆਂ।