ਟਵਿਟਰ ਦੇ ਨਵੇਂ ਬੌਸ ਐਲੋਨ ਮਸਕ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਗਾਤਾਰ ਬਦਲਾਅ ਕਰ ਰਹੇ ਹਨ। ਹੁਣ ਤੱਕ ਪਲੇਟਫਾਰਮ ‘ਚ ਕਈ ਅਜਿਹੇ ਬਦਲਾਅ ਦੇਖਣ ਨੂੰ ਮਿਲੇ ਹਨ, ਜਿਨ੍ਹਾਂ ਦੀ ਸ਼ਾਇਦ ਕਦੇ ਕਲਪਨਾ ਵੀ ਨਹੀਂ ਕੀਤੀ ਗਈ ਸੀ। ਹੁਣ ਐਲੋਨ ਮਸਕ ਨੇ ਮੁਅੱਤਲ ਕੀਤੇ ਖਾਤਿਆਂ (ਟਵਿੱਟਰ ਸਸਪੈਂਡਡ ਅਕਾਉਂਟਸ) ਨੂੰ ਬਹਾਲ ਕਰਨ ਦਾ ਐਲਾਨ ਕੀਤਾ ਹੈ। ਐਲੋਨ ਮਸਕ ਨੇ ਇੱਕ ਪੋਲ ਰਾਹੀਂ ਇਹ ਫੈਸਲਾ ਲਿਆ ਹੈ।
ਮਸਕ ਨੇ ਟਵਿੱਟਰ ‘ਤੇ ਲਿਖਿਆ, “ਜਨਤਾ ਨੇ ਆਪਣੀ ਰਾਏ ਦਿੱਤੀ ਹੈ… ‘ਮੁਆਫੀ’ ਅਗਲੇ ਹਫ਼ਤੇ ਸ਼ੁਰੂ ਹੋਵੇਗੀ। ਵੌਕਸ ਪੋਪੁਲੀ, ਵੌਕਸ ਦੇਈ।” ਵੌਕਸ ਪੋਪੁਲੀ, ਵੌਕਸ ਦੇਈ ਇੱਕ ਲਾਤੀਨੀ ਵਾਕੰਸ਼ ਹੈ ਜਿਸਦਾ ਅਰਥ ਹੈ “ਲੋਕਾਂ ਦੀ ਆਵਾਜ਼, ਰੱਬ ਦੀ ਆਵਾਜ਼।”
ਮਸਕ ਨੇ ਪੋਲ ‘ਚ ਇਹ ਸਵਾਲ ਪੁੱਛਿਆ ਹੈ- ਐਲੋਨ ਮਸਕ ਨੇ ਬੁੱਧਵਾਰ (23 ਨਵੰਬਰ) ਨੂੰ ਟਵਿੱਟਰ ‘ਤੇ ਇੱਕ ਸਵਾਲ ਪੁੱਛਿਆ ਕਿ ਕੀ ਮਾਈਕ੍ਰੋ-ਬਲੌਗਿੰਗ ਸਾਈਟ ਨੂੰ ਹੋਰ ਮੁਅੱਤਲ ਕੀਤੇ ਖਾਤਿਆਂ ਲਈ ‘ਆਮ ਮੁਆਫੀ’ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ। ਮਸਕ ਨੇ ਲਿਖਿਆ, “ਕੀ ਟਵਿੱਟਰ ਨੂੰ ਮੁਅੱਤਲ ਕੀਤੇ ਖਾਤਿਆਂ ਲਈ ਇੱਕ ਆਮ ਮੁਆਫ਼ੀ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ, ਬਸ਼ਰਤੇ ਉਨ੍ਹਾਂ ਨੇ ਕਾਨੂੰਨ ਦੀ ਉਲੰਘਣਾ ਨਾ ਕੀਤੀ ਹੋਵੇ ਜਾਂ ਗੰਭੀਰ ਸਪੈਮ ਵਿੱਚ ਸ਼ਾਮਿਲ ਨਾ ਹੋਏ?”
ਐਲੋਨ ਮਸਕ ਨੇ ਸਵਾਲ ਦੇ ਨਾਲ ਪੋਲ ਦੀ ਸ਼ੁਰੂਆਤ ਕੀਤੀ ਅਤੇ ਉਪਭੋਗਤਾਵਾਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ। ਪੋਲ ਦੇ ਨਤੀਜਿਆਂ ਦੇ ਅਨੁਸਾਰ, 72.4 ਪ੍ਰਤੀਸ਼ਤ ਨੇ ਕਿਹਾ ਕਿ ਟਵਿੱਟਰ ਨੂੰ ਮੁਅੱਤਲ ਕੀਤੇ ਖਾਤਿਆਂ ਨੂੰ ਵਾਪਸ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ, ਜਦੋਂ ਤੱਕ ਉਹ ਕਾਨੂੰਨ ਦੀ ਉਲੰਘਣਾ ਨਹੀਂ ਕਰਦੇ ਜਾਂ “ਗੰਭੀਰ ਸਪੈਮ” ਵਿੱਚ ਸ਼ਾਮਿਲ ਨਹੀਂ ਹੁੰਦੇ। ਇਸ ਦੇ ਨਾਲ ਹੀ 27.6 ਫੀਸਦੀ ਲੋਕਾਂ ਨੇ ਇਸ ਬਾਰੇ ਅਸਹਿਮਤੀ ਜਤਾਈ।
ਟਰੰਪ ਦਾ ਖਾਤਾ ਵੀ ਇਸ ਤਰ੍ਹਾਂ ਬਹਾਲ ਕੀਤਾ ਗਿਆ ਸੀ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਟਵਿੱਟਰ ਅਕਾਊਂਟ ਜਨਵਰੀ 2021 ਵਿੱਚ ਯੂਐਸ ਕੈਪੀਟਲ ਵਿੱਚ ਹੋਏ ਦੰਗਿਆਂ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ, ਟਵਿੱਟਰ ਨੂੰ ਖਰੀਦਣ ਤੋਂ ਬਾਅਦ, ਮਸਕ ਨੇ ਡੋਨਾਲਡ ਟਰੰਪ ਦੇ ਖਾਤੇ ਨੂੰ ਬਹਾਲ ਕਰਨ ਲਈ ਪਿਛਲੇ ਹਫਤੇ ਇੱਕ ਪੋਲ ਚਲਾਈ। ਉਨ੍ਹਾਂ ਨੇ ਯੂਜ਼ਰਸ ਤੋਂ ਪੁੱਛਿਆ ਕਿ ਕੀ ਡੋਨਾਲਡ ਟਰੰਪ ਦਾ ਅਕਾਊਂਟ ਰੀਸਟੋਰ ਕੀਤਾ ਜਾਣਾ ਚਾਹੀਦਾ ਹੈ। ਇਸ ਪੋਲ ‘ਚ 15 ਮਿਲੀਅਨ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ, ਜਿਸ ‘ਚ 51.8 ਫੀਸਦੀ ਨੇ ਟਰੰਪ ਦੀ ਟਵਿਟਰ ‘ਤੇ ਵਾਪਸੀ ਨਾਲ ਸਹਿਮਤੀ ਜਤਾਈ ਅਤੇ 48.2 ਫੀਸਦੀ ਅਸਹਿਮਤ ਸਨ।