ਪੰਜਾਬ ‘ਚ ਠੰਢ ਦੇ ਨਾਲ -ਨਾਲ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਚੁੱਕੀ ਹੈ , ਜਿਸ ਕਾਰਨ ਕਈ ਸੜਕ ਹਾਦਸੇ ਵਾਪਰ ਰਹੇ ਹਨ। ਧੁੰਦ ਕਾਰਨ ਰਾਤ ਵੇਲੇ ਠੀਕ ਤਰ੍ਹਾਂ ਦਿਖਾਈ ਨਹੀਂ ਦਿੰਦਾ। ਅਜਿਹੇ ‘ਚ ਉਹ ਰਸਤੇ ‘ਚ ਖੜ੍ਹੇ ਕਿਸੇ ਵਾਹਨ ਨਾਲ ਟਕਰਾ ਜਾਂਦੇ ਹਨ ਜਾਂ ਸੜਕਾਂ ਦੇ ਕਿਨਾਰਿਆਂ ‘ਤੇ ਚਿੱਟੀਆਂ ਪੱਟੀਆਂ ਨਾ ਹੋਣ ਕਾਰਨ ਵਾਹਨ ਸੜਕ ਤੋਂ ਉਤਰ ਕੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।
ਅਜਿਹਾ ਹੀ ਤਾਜ਼ਾ ਹਾਦਸਾ ਸੰਗਰੂਰ ਦੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਪਿੰਡ ਖੰਡੇਬਾਦ ਦੇ ਨਜ਼ਦੀਕ ਵਾਪਰਿਆ ਹੈ। ਫਾਰਚੂਨਰ ਨਾਲ ਟੱਕਰ ਕਾਰਨ ਬੁਲੇਟ ਨੂੰ ਅੱਗ ਲੱਗ ਗਈ ਹੈ। ਇਸ ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਦੋਵੇਂ ਨੌਜਵਾਨਾਂ ਦੀ ਪਛਾਣ ਬਿੰਦਰ ਸਿੰਘ ਪੁੱਤਰ ਮਿੱਠੂ ਸਿੰਘ ਅਤੇ ਚਮਕੌਰ ਸਿੰਘ ਪੁੱਤਰ ਮੇਘ ਰਾਜ ਪਿੰਡ ਡੂਡੀਆਂ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਬਿੰਦਰ ਸਿੰਘ ਅਤੇ ਚਮਕੌਰ ਸਿੰਘ ਪਿੰਡ ਡੂਡੀਆਂ ਲਹਿਰਾਗਾਗਾ ਤੋਂ ਆਪਣੇ ਪਿੰਡ ਵੱਲ ਜਾ ਰਹੇ ਸਨ। ਜਦੋਂ ਉਹ ਪਿੰਡ ਖੰਡੇਬਾਦ ਦੇ ਨਜ਼ਦੀਕ ਪਹੁੰਚੇ ਤਾਂ ਅੱਗੋਂ ਆ ਰਹੀ ਇਕ ਫਾਰਚੂਨ ਗੱਡੀ ਨਾਲ ਟੱਕਰ ਦੌਰਾਨ ਬੁਲੇਟ ਮੋਟਰਸਾਈਕਲ ਨੂੰ ਅੱਗ ਲੱਗੀ ਅਤੇ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ।
ਇਸ ਮੌਕੇ ਥਾਣਾ ਸਦਰ ਦੇ ਅਡੀਸ਼ਨਲ ਐੱਸ.ਐੱਚ.ਓ. ਸ਼ੇਰਬਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੰਘਣੀ ਧੁੰਦ ਨੇ ਸੂਬੇ ਵਿਚ ਜਨਜੀਵਨ ਬੁਰੀ ਤਰ੍ਹਾਂ ਅਸਤ ਵਿਅਸਥ ਕਰਕੇ ਰੱਖ ਦਿੱਤਾ ਹੈ। ਜਿਸ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੌਰਾਨ ਕਈ ਸੜਕ ਹਾਦਸੇ ਵੀ ਵਾਪਰੇ। ਇਸ ਕਾਰਨ ਹਰ ਸਾਲ ਸੜਕ ਹਾਦਸਿਆਂ ਵਿੱਚ ਕਈ ਲੋਕ ਆਪਣੀ ਜਾਨ ਗੁਆ ਬੈਠਦੇ ਹਨ।