ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਿਹਾਰ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਸਰਕਾਰ ਪਟਨਾ ਸਾਹਿਬ ਦੀ ਮਾਣ-ਮਰਿਆਦਾ ਰੱਖਣ ਵਿੱਚ ਸਹਿਯੋਗ ਕਰੇ। ਉਨ੍ਹਾਂ ਕਿਹਾ ਹੈ ਕਿ ਮਰਿਆਦਾ ਦੀ ਉਲ਼ੰਘਣਾ ਹੋਈ ਤਾਂ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ। ਇਸ ਦੌਰਾਨ ਜੇਕਰ ਕੋਈ ਨੁਕਸਾਨ ਹੋਇਆ ਤਾਂ ਸਰਕਾਰ ਜ਼ਿੰਮੇਵਾਰ ਹੋਏਗੀ।
ਦੱਸ ਦਈਏ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੀਤੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਖ਼ਤ ਕਾਰਵਾਈ ਕਰਦਿਆਂ ਪਟਨਾ ਸਾਹਿਬ ਕਮੇਟੀ ਨੂੰ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤਾ ਸੀ ਜਿੱਥੇ ਕਈ ਮੈਂਬਰਾਂ ਨੂੰ ਧਾਰਮਿਕ ਸੇਵਾ ਲਾਈ ਗਈ ਉੱਥੇ ਪਟਨਾ ਸਾਹਿਬ ਬੋਰਡ ਨੂੰ ਕਈ ਸਖ਼ਤ ਹਦਾਇਤਾਂ ਵੀ ਦਿੱਤੀਆਂ ਸਨ। ਇਸ ਵਿੱਚ ਸੀ ਕਿ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਜਿੱਥੇ ਸੇਵਾ ਤੋਂ ਲਾਂਬੇ ਕੀਤਾ ਜਾਵੇ, ਉੱਥੇ ਹੀ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਉਲ਼ੰਘਣਾ ਕਰਨ ਤੇ ਤਨਖਾਹੀਆ ਕਰਾਰ ਦੇ ਕੇ ਵੀ ਸਖ਼ਤ ਕਾਰਵਾਈ ਕੀਤੀ ਸੀ।
ਇਸ ਪ੍ਰਤੀ ਉੱਥੋਂ ਦੇ ਪ੍ਰਸ਼ਾਸਨ ਨੂੰ ਵੀ ਦੱਸ ਦਿੱਤਾ ਗਿਆ ਸੀ ਪਰ ਕੁਝ ਬੰਦਿਆਂ ਸੀ ਸ਼ਹਿ ਤੇ ਅੱਜ ਮੁੜ ਗਿਆਨੀ ਇਕਬਾਲ ਸਿੰਘ ਵੱਲੋਂ ਤਖਤ ਸਾਹਿਬ ਤੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਖ਼ਤ ਆਦੇਸ਼ ਦਿੰਦੇ ਹੋਏ ਬਿਹਾਰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਇੱਕ ਤਨਖਾਹੀਏ ਬੰਦੇ ਨੇ ਅਜਿਹਾ ਕੀਤਾ ਜਿਸ ਨਾਲ ਮਰਿਆਦਾ ਭੰਗ ਹੋਈ ਉਸ ਨੂੰ ਦੇਸ਼ ਵਿਦੇਸ ਦੀ ਸੰਗਤ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।
ਉਨ੍ਹਾਂ ਕਿਹਾ ਕਿ ਅਜਿਹੇ ਤਣਾਅ ਵਿੱਚ ਜੇਕਰ ਕੋਈ ਜਾਨੀ ਨੁਕਸਾਨ ਹੋਇਆ ਤਾਂ ਉਸ ਲਈ ਬਿਹਾਰ ਸਰਕਾਰ ਜ਼ਿੰਮੇਵਾਰ ਹੋਵੇਗੀ ਤੇ ਹਰ ਹਾਲਤ ਪਟਨਾ ਸਾਹਿਬ ਸੀ ਮਾਣ ਮਰਿਆਦਾ ਨੂੰ ਬਹਾਲ ਰੱਖਿਆ ਜਾਵੇਗਾ। ਗੌਰਤਲਬ ਹੈ ਕਿ ਕੱਲ੍ਹ ਅਕਾਲ ਤਖਤ ਸਾਹਿਬ ਤੋਂ ਹੋਈ ਇਸ ਕਾਰਵਾਈ ਤੋਂ ਬਾਅਦ ਗਿਆਨੀ ਇਕਬਾਲ ਸਿੰਘ ਦੇ ਹਮਾਇਤੀਆਂ ਨੇ ਖ਼ੂਬ ਹੰਗਾਮਾ ਕੀਤਾ ਸੀ। ਇੱਥੋਂ ਤੱਕ ਪਟਨਾ ਸਾਹਿਬ ਦਾ ਮੁੱਖ ਦਰਵਾਜ਼ਾ ਵੀ ਬੰਦ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਿਰੁੱਧ ਅਪਮਾਨਜਨਕ ਸ਼ਬਦਾਵਲੀ ਵਰਤੀ ਸੀ ਜਿਸ ਦਾ ਦੇਸ਼ ਵਿਦੇਸ਼ ਦੀ ਸੰਗਤ ਨੇ ਵੱਡੀ ਪੱਧਰ ਤੇ ਸਖ਼ਤ ਵਿਰੋਧ ਕੀਤਾ ਸੀ।