ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵਲੋਂ ਦਿੱਤੇ ਨਿਰਦੇਸ਼ਾਂ ‘ਤੇ ਕਾਰਵਾਈ ਕਰਦੇ ਹੋਏ ਲੋਕ ਨਿਰਮਾਣ ਵਿਭਾਗ ਵੱਲੋਂ ਸੜਕਾਂ ਦੀ ਮੁਰੰਮਤ ਵਿਚ ਮਾਪਦੰਡਾਂ ਨੂੰ ਅੱਖੋਂ ਪਰੋਖੇ ਕਰਕੇ ਘਟੀਆ ਮਿਆਰ ਦਾ ਕੰਮ ਕਰਵਾਉਣ ਵਾਲੇ ਦੋ ਸਹਾਇਕ ਇੰਜੀਨੀਅਰਾਂ ਨੂੰ ਸਰਕਾਰੀ ਸੇਵਾ ਤੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਮੁਅੱਤਲੀ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) ਨਿਯਮਾਂਵਾਲੀ 1970 ਦੇ ਰੂਲ 4 ਅਧੀਨ ਕੀਤੀ ਗਈ ਹੈ
ਕੈਬਨਿਟ ਮੰਤਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਦੇ ਸਹਾਇਕ ਇੰਜੀਨੀਅਰਾਂ ਮਹੇਸ਼ ਕੁਮਾਰ ਸ਼ਰਮਾ ਅਤੇ ਰਜੇਸ਼ ਕੌੜਾ ਵਲੋਂ ਸੜਕਾਂ ਦੀ ਵਿਸ਼ੇਸ਼ ਮੁਰੰਮਤ ਦੌਰਾਨ ਤਿਉੜ ਤੋਂ ਜਾਕੜ ਮਾਜਰਾ ਤੱਕ ਲਿੰਕ ਰੋਡ ਦੇ ਕੰਮ ਵਿਚ ਨਿਰਧਾਰਿਤ ਮਾਪਦੰਡਾਂ ਨੂੰ ਨਜ਼ਰ ਅੰਦਾਜ਼ ਕਰਕੇ ਘਟੀਆ ਮਿਆਰ ਦਾ ਕੰਮ ਕਰਵਾਇਆ ਗਿਆ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਲੋਕਾਂ ਨੂੰ ਭਿ੍ਸ਼ਟਾਚਾਰ ਮੁਕਤ, ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਵਾਇਆ ਜਾਵੇਗਾ ਅਤੇ ਭਿ੍ਸ਼ਟ ਕੰਮਾਂ ਵਿਚ ਲਿਪਤ ਅਤੇ ਡਿਊਟੀ ਵਿਚ ਕੁਤਾਹੀ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਦੋ ਕਰਮਚਾਰੀਆਂ ਸੋਗੰਧ ਸਿੰਘ ਭੁੱਲਰ, ਕਾਰਜਕਾਰੀ ਇੰਜੀਨੀਅਰ, ਉਸਾਰੀ ਮੰਡਲ ਨੰ:1,ਲੋਕ ਨਿਰਮਾਣ ਵਿਭਾਗ ਅਤੇ ਦਿਲਪ੍ਰੀਤ ਸਿੰਘ, ਉਪ ਮੰਡਲ ਇੰਜੀਨੀਅਰ ਉਸਾਰੀ ਉਪ ਮੰਡਲ ਨੰ:2, ਲੋਕ ਨਿਰਮਾਣ ਵਿਭਾਗ ਨੂੰ ਆਪਣਾ ਸਪਸ਼ਟੀਕਰਨ 4 ਦਿਨਾਂ ਦੇ ਅੰਦਰ ਅੰਦਰ ਸਰਕਾਰ ਨੂੰ ਭੇਜਣ ਦੇ ਹੁਕਮ ਦਿੱਤੇ ਗਏ ਹਨ।