ਅੰਮ੍ਰਿਤਸਰ ਵਿੱਚ ਲੁਟੇਰਿਆਂ ਵੱਲੋਂ ਇੱਕ ਬੈਂਕ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਹਥਿਆਰਬੰਦ ਲੁਟੇਰਿਆਂ ਵੱਲੋਂ ਲਗਭਗ 18 ਲੱਖ ਰੁਪਏ ਦੀ ਨਕਦੀ ਲੁੱਟੇ ਜਾਣ ਬਾਰੇ ਪਤਾ ਲੱਗਿਆ ਹੈ। ਘਟਨਾ ਅੰਮ੍ਰਿਤਸਰ ਕੱਥੂਨੰਗਲ ਨਜ਼ਦੀਕ ਪੰਜਾਬ ਨੈਸ਼ਨਲ ਬੈਂਕ ਦੀ ਹੈ, ਜਿਥੋਂ ਲੁਟੇਰਿਆਂ ਨੇ ਡਾਕਾ ਮਾਰ ਕੇ ਹਥਿਆਰਾਂ ਦੀ ਨੋਕ ਉਪਰ 18 ਲੱਖ ਰੁਪਏ ਲੁੱਟ ਗਏ।
ਵੀਡੀਓ ਆਈ ਸਾਹਮਣੇ
ਲੁੱਟ ਦੀ ਵੀਡੀਓ ਸਾਹਮਣੇ ਆ ਗਈ ਹੈ, ਜਿਸ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਬੈਂਕ ਖੁੱਲ੍ਹਣ ਦੇ ਕੁੱਝ ਹੀ ਸਮੇਂ ਪਿੱਛੋਂ 2 ਮੂੰਹ ਢਕੇ ਵਿਅਕਤੀ ਬੈਂਕ ਵਿੱਚ ਵੜਦੇ ਹਨ ਅਤੇ ਇੱਕ ਲੁਟੇਰਾ ਪਿਸਤੌਲ ਲੈ ਕੇ ਬੈਂਕ ਦੇ ਦਰਵਾਜ਼ੇ ਕੋਲ ਖੜ ਜਾਂਦਾ ਹੈ ਅਤੇ ਦੂਜਾ ਲੁੱਟੇਰਾ ਕੈਸ਼ੀਅਰ ਕੋਲੋਂ ਪੈਸੇ ਲੁੱਟਦਾ ਹੈ।
ਬੈਂਕ ਮੈਨੇਜਰ ਰੋਹਨ ਬੱਬਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਟਨਾ ਬੀਤੇ ਦਿਨ ਸਵੇਰੇ 11 ਕੁ ਵਜੇ ਦੀ ਹੈ, ਜਦੋਂ 2 ਹਥਿਆਰਬੰਦ ਵਿਅਕਤੀ ਬੈਂਕ ਵਿੱਚ ਵੜ ਗਏ। ਦੋਵਾਂ ਦੇ ਮੂੰਹ ਢਕੇ ਹੋਏ ਸਨ ਅਤੇ ਹੱਥਾਂ ਵਿੱਚ ਪਿਸਤੌਲਾਂ ਸਨ। ਪਿਸਤੌਲ ਦੀ ਨੋਕ ‘ਤੇ ਲੁਟੇਰਿਆਂ ਨੇ ਸਾਰਿਆਂ ਨੂੰ ਇੱਕ ਪਾਸੇ ਕਰ ਦਿੱਤਾ ਅਤੇ ਕੈਸ਼ੀਅਰ ਕੋਲੋਂ ਪੈਸੇ ਲੈ ਕੇ ਫਰਾਰ ਹੋ ਗਏ।
ਥਾਣਾ ਕੱਥੂਨੰਗਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਅਰੰਭ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਛੇਤੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।