: ਪੰਜਾਬ ਦੇ 18 ਟੌਲ ਪਲਾਜ਼ਿਆਂ ਉਪਰ ਅੱਜ 8ਵੇਂ ਦਿਨ ਵੀ ਕਿਸਾਨ ਡਟੇ ਹੋਏ ਹਨ। ਇਨ੍ਹਾਂ 18 ਟੌਲ ਪਲਾਜ਼ਿਆਂ ਉਪਰ ਬਗੈਰ ਪਰਚੀ ਹੀ ਵਾਹਨ ਲੰਘ ਰਹੇ ਹਨ। ਇੱਕ ਪਾਸੇ ਲੋਕ ਇਸ ਨਾਲ ਕਾਫੀ ਖੁਸ਼ ਨਜ਼ਰ ਆ ਰਹੇ ਹਨ ਪਰ ਟੌਲ ਕੰਪਨੀਆਂ ਦੇ ਫਿਕਰ ਵਧ ਗਏ ਹਨ। ਕਿਸਾਨ ਆਪਣੀਆਂ ਮੰਗਾਂ ਮੰਨਵਾਉਣ ਲਈ ਅੜੇ ਹੋਏ ਹਨ ਪਰ ਸਰਕਾਰ ਵੱਲੋਂ ਅਜੇ ਤੱਕ ਕੋਈ ਸਰਗਰਮੀ ਨਹੀਂ ਵਿਖਾਈ ਜਾ ਰਹੀ।
ਇਸ ਬਾਰੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਦੱਸਿਆ ਕਿ ਕਾਰਪੋਰੇਟ ਪੱਖੀ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕਰਨ ਵਾਲੀ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਵੱਲੋਂ 18 ਟੌਲ ਪਲਾਜ਼ਿਆਂ ’ਤੇ ਆਰੰਭੇ ਗਏ ਧਰਨੇ 8ਵੇਂ ਦਿਨ ਤੇ ਨੌਂ ਡੀਸੀ ਦਫ਼ਤਰਾਂ ਅੱਗੇ ਚੱਲ ਰਹੇ ਧਰਨੇ ਅੱਜ 27ਵੇਂ ਦਿਨ ਜਾਰੀ ਹਨ।
ਧਰਨਿਆਂ ਦੌਰਾਨ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਮੰਗਾਂ ਮੰਨੇ ਜਾਣ ਤੱਕ ਆਪਣੀ ਲੜਾਈ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਲਗਪਗ ਪੰਜਾਹ ਪਿੰਡਾਂ ਦੇ ਲੋਕਾਂ ਨੂੰ ਫੈਕਟਰੀ ਦੇ ਪ੍ਰਦੂਸ਼ਿਤ ਪਾਣੀ ਤੋਂ ਬਚਾਉਣ ਲਈ ਪਿਛਲੇ 5 ਮਹੀਨਿਆਂ ਤੋਂ ਮਾਲਬਰੋਜ਼ ਸ਼ਰਾਬ ਫੈਕਟਰੀ ਅੱਗੇ ਧਰਨਾ ਲਾ ਕੇ ਬੈਠੇ ਸਥਾਨਕ ਲੋਕਾਂ ਤੇ ਕਿਸਾਨ ਆਗੂਆਂ ਨੂੰ ਹਾਈ ਕੋਰਟ ਦੇ ਹੁਕਮਾਂ ਬਹਾਨੇ ਜਬਰੀ ਹਟਾਉਣ ਲਈ ਪੰਜਾਬ ਪੁਲੀਸ ਪਿਛਲੇ ਛੇ ਦਿਨਾਂ ਤੋਂ ਭਾਰੀ ਪੁਲੀਸ ਫੋਰਸ ਲਗਾ ਕੇ ਲੋਕਾਂ ’ਤੇ ਜਬਰ ਢਾਹ ਰਹੀ ਹੈ।
ਕਿਸਾਨ ਆਗੂਆਂ ਨੇ ਮਾਨ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ, ‘‘ਫੈਕਟਰੀ ਦਾ ਪਾਣੀ 92 ਵਿਧਾਇਕਾਂ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਤੇ ਐਨਜੀਟੀ ਦੇ ਅਧਿਕਾਰੀਆਂ ਨੂੰ ਤਿੰਨ ਮਹੀਨੇ ਤੱਕ ਪਿਲਾਇਆ ਜਾਵੇ। ਜੇਕਰ ਵਿਧਾਇਕ ਤੇ ਅਫ਼ਸਰ ਸਹੀ ਸਲਾਮਤ ਰਹਿਣਗੇ ਤਾਂ ਕਿਸਾਨ ਫੈਕਟਰੀ ਅੱਗੋਂ ਆਪਣਾ ਧਰਨਾ ਚੁੱਕ ਦੇਣਗੇ।’’ ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਵਿੱਚ ਹੱਦਬੰਦੀ ਕਾਨੂੰਨ ਬਣਿਆ ਹੋਇਆ ਹੈ, ਉਸ ਨੂੰ ਅੱਜ ਤੱਕ ਕਿਸੇ ਹਾਈਕੋਰਟ ਜਾਂ ਸੁਪਰੀਮ ਕੋਰਟ ਨੇ ਲਾਗੂ ਕਰਵਾਉਣ ਦੀ ਹਿੰਮਤ ਨਹੀਂ ਕੀਤੀ ਤਾਂ ਜੋ ਕਰੋੜਾਂ ਏਕੜ ਜ਼ਮੀਨ ਬੇਜ਼ਮੀਨਿਆਂ ਵਿੱਚ ਵੰਡੀ ਜਾ ਸਕੇ।