ਪਿਆਰ ਵਿਚ ਇਨਸਾਨ ਕੀ-ਕੀ ਨਹੀਂ ਕਰਦਾ। ਵੱਡੀਆਂ-ਵੱਡੀਆਂ ਲੜਾਈਆਂ ਸਿਰਫ ਪਿਆਰ ਦੀ ਖਾਤਰ ਲੜੀਆਂ ਗਈਆਂ ਹਨ। ਤੁਸੀਂ ਪਿਆਰ ਦੇ ਜਨੂੰਨ ਦੀਆਂ ਅਜਿਹੀਆਂ ਕਈ ਕਹਾਣੀਆਂ ਪੜ੍ਹੀਆਂ ਅਤੇ ਸੁਣੀਆਂ ਹੋਣਗੀਆਂ, ਪਰ ਨਵੇਂ ਜ਼ਮਾਨੇ ਦੇ ਪਿਆਰ ਦੀ ਕਹਾਣੀ ਸੁਣ ਕੇ ਤੁਸੀਂ ਦੰਗ ਰਹਿ ਜਾਓਗੇ।
ਗੁਜਰਾਤ ‘ਚ ਇਕ ਲੜਕੀ ਆਪਣੇ ਪ੍ਰੇਮੀ ਨੂੰ ਪਾਸ ਕਰਵਾਉਣ ਲਈ ਉਸ ਦਾ ਪੇਪਰ ਦੇਣ ਲਈ ਪਹੁੰਚ ਗਈ। ਇਸ ਦੇ ਪਿੱਛੇ ਦੀ ਪੂਰੀ ਕਹਾਣੀ ਕਾਫੀ ਦਿਲਚਸਪ ਹੈ। ਗੁਜਰਾਤ ਦੇ ਸੂਰਤ ਵਿਚ ਸਥਿਤ ਵੀਰ ਨਰਮਦ ਦੱਖਣੀ ਗੁਜਰਾਤ ਯੂਨੀਵਰਸਿਟੀ ‘ਚ ਪੜ੍ਹਦਾ ਲੜਕਾ ਖੁਦ ਪਹਾੜਾਂ ‘ਚ ਛੁੱਟੀਆਂ ਮਨਾ ਰਿਹਾ ਸੀ ਅਤੇ ਉਸ ਦੀ ਬਜਾਏ ਉਸ ਦੀ ਪ੍ਰੇਮਿਕਾ ਪੇਪਰ ਦੇਣ ਲਈ ਪ੍ਰੀਖਿਆ ਹਾਲ ‘ਚ ਪਹੁੰਚ ਗਈ। ਇਹ ਲੜਕੀ ਖੁਦ ਸਰਕਾਰੀ ਨੌਕਰੀ ਕਰ ਰਹੀ ਸੀ।
ਇਮਤਿਹਾਨ ਡਿਊਟੀ ਦੌਰਾਨ ਅਕਸਰ ਹੀ ਹਰ ਰੋਜ਼ ਹਾਲ ਵਿਚ ਨਿਗਰਾਨ ਬਦਲਦੇ ਰਹਿੰਦੇ ਹਨ, ਜਿਸ ਕਾਰਨ ਕਿਸੇ ਵੀ ਉਮੀਦਵਾਰ ਦੀ ਪਛਾਣ ਕਰਨਾ ਆਸਾਨ ਨਹੀਂ ਹੁੰਦਾ। ਇਸ ਦੌਰਾਨ ਉਹ ਸਿਰਫ ਰੋਲ ਨੰਬਰ ਚੈੱਕ ਕਰਦੇ ਹਨ।
ਇਸ ਸਾਲ ਅਕਤੂਬਰ ਵਿੱਚ ਜਦੋਂ ਬੀ.ਕਾਮ ਤੀਜੇ ਸਾਲ ਦੀ ਪ੍ਰੀਖਿਆ ਚੱਲ ਰਹੀ ਸੀ, ਜਿੱਥੇ ਲੜਕੀ ਆਪਣੇ ਬੁਆਏਫ੍ਰੈਂਡ ਦੇ ਐਡਮਿਟ ਕਾਰਡ ਵਿੱਚ ਆਪਣਾ ਨਾਮ ਅਤੇ ਤਸਵੀਰ ਬਦਲ ਕੇ ਪ੍ਰੀਖਿਆ ਦੇਣ ਪਹੁੰਚੀ। ਉਧਰ, ਇਕੱਠੇ ਇਮਤਿਹਾਨ ਦੇਣ ਵਾਲੇ ਇੱਕ ਵਿਦਿਆਰਥੀ ਨੇ ਜਾਂਚ ਅਧਿਕਾਰੀ ਨੂੰ ਦੱਸਿਆ ਕਿ ਜਿੱਥੇ ਲੜਕੀ ਬੈਠੀ ਹੈ, ਉੱਥੇ ਪਿਛਲੇ ਦਿਨੀਂ ਇੱਕ ਲੜਕਾ ਪ੍ਰੀਖਿਆ ਦੇ ਰਿਹਾ ਸੀ।
ਇਸ ਤੋਂ ਬਾਅਦ ਹੀ ਸਾਰਾ ਮਾਮਲਾ ਸਾਹਮਣੇ ਆਇਆ ਅਤੇ ਲੜਕੀ ਨੂੰ ਫੜ ਲਿਆ ਗਿਆ। ਕਮੇਟੀ ਨੇ ਜਾਂਚ ਪੂਰੀ ਕਰਨ ਤੋਂ ਬਾਅਦ ਯੂਨੀਵਰਸਿਟੀ ਮੈਨੇਜਮੈਂਟ ਨੂੰ ਸਜ਼ਾ ਦੀ ਸਿਫਾਰਿਸ਼ ਭੇਜ ਦਿੱਤੀ ਹੈ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਇਸ ਮਾਮਲੇ ‘ਚ ਲੜਕੀ ਦੀ ਡਿਗਰੀ ਵੀ ਰੱਦ ਹੋ ਸਕਦੀ ਹੈ ਅਤੇ ਉਸ ਦੀ ਨੌਕਰੀ ਵੀ ਜਾ ਸਕਦੀ ਹੈ। ਇਸ ਦੇ ਨਾਲ ਹੀ ਲੜਕੇ ਨੂੰ ਅਗਲੇ 3 ਸਾਲ ਤੱਕ ਪ੍ਰੀਖਿਆ ਦੇਣ ਤੋਂ ਰੋਕਿਆ ਜਾ ਸਕਦਾ ਹੈ।
ਜਦੋਂ ਲੜਕੇ ਨੂੰ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਸ ਨੇ ਦੱਸਿਆ ਕਿ ਉਹ ਛੁੱਟੀਆਂ ਮਨਾਉਣ ਲਈ ਉਤਰਾਖੰਡ ਗਿਆ ਸੀ, ਜਦਕਿ ਲੜਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਲੜਕਾ ਰੈਗੂਲਰ ਇਮਤਿਹਾਨ ‘ਚ ਫੇਲ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਜਗ੍ਹਾ ‘ਤੇ ਉਸ ਦੀ ਪ੍ਰੇਮਿਕਾ ਨੇ ਪ੍ਰੀਖਿਆ ਦੇਣ ਦਾ ਕਦਮ ਚੁੱਕਿਆ।