03/28/2024 3:16 PM

ਯੂਨੀਵਰਸਿਟੀ ਅਧਿਆਪਕਾਂ ਨੂੰ ਸੌਂਪੇ ਵਾਧੂ ਚਾਰਜ, ਜਾਣੋ ਕਿਸ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਕੰਮਾਂ ਨੂੰ ਹੋਰ ਵੀ ਉਸਾਰੂ ਢੰਗ ਨਾਲ ਚਲਾਉਣ ਲਈ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਵੱਲੋਂ ਅਧਿਆਪਕਾਂ ਨੂੰ ਵਾਧੂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਕਰਨਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਫਾਰਮਾਸਿਊਟੀਕਲ ਸਾਇੰਸਜ਼ ਵਿਭਾਗ ਦੇ ਪ੍ਰੋ. ਪ੍ਰੀਤ ਐਮਐਸ ਬੇਦੀ ਨੇ ਡੀਨ ਸਟੂਡੈਂਟਸ ਵੈੱਲਫੇਅਰ ਦਾ ਚਾਰਜ ਸੰਭਾਲਿਆ ਹੈ।

ਇਸੇ ਤਰ੍ਹਾਂ ਇਲੈਕਟ੍ਰਾਨਿਕਸ ਟੈਕਨਾਲੋਜੀ ਵਿਭਾਗ ਦੇ ਪ੍ਰੋ. ਸ਼ਾਲਿਨੀ ਬਹਿਲ ਨੇ ਡੀਨ ਕਾਲਜ ਡਿਵੈਲਪਮੈਂਟ ਕੌਂਸਲ, ਐਸੋਸੀਏਟ ਪ੍ਰੋਫੈਸਰ ਕੈਮਿਸਟਰੀ ਵਿਭਾਗ ਡਾ. ਤੇਜਵੰਤ ਸਿੰਘ ਕੰਗ ਡਾਇਰੈਕਟਰ ਹਾਸਪਿਟੈਲਿਟੀ ਐਂਡ ਈਵੈਂਟਸ ਦਫ਼ਤਰ ਦੇ ਇੰਚਾਰਜ ਹੋਣਗੇ। ਉਨ੍ਹਾਂ ਨਾਲ ਹੋਟਲ ਪ੍ਰਬੰਧ ਤੇ ਸੈਰ ਸਪਾਟਾ ਵਿਭਾਗ ਦੇ ਸਹਾਇਕ ਪ੍ਰੋਫੈਸਰ ਹਰਪ੍ਰੀਤ ਸਿੰਘ ਸਹਾਇਕ ਦੇ ਤੌਰ ’ਤੇ ਕੰਮ ਕਰਨਗੇ।

ਉਨ੍ਹਾਂ ਦੱਸਿਆ ਕਿ ਐਸੋਸੀਏਟ ਪ੍ਰੋਫੈਸਰ ਸਰੀਰਕ ਸਿੱਖਿਆ ਵਿਭਾਗ (ਟੀਚਿੰਗ) ਡਾ. ਅਮਨਦੀਪ ਸਿੰਘ ਡਾਇਰੈਕਟਰ ਯੁਵਕ ਭਲਾਈ ਦਫ਼ਤਰ ਦੇ ਇੰਚਾਰਜ ਹੋਣਗੇ। ਉਹ ਡੀਨ ਵਿਦਿਆਰਥੀ ਭਲਾਈ ਦੀ ਸਮੁੱਚੀ ਨਿਗਰਾਨੀ ਹੇਠ ਕੰਮ ਕਰਨਗੇ। ਯੂਨੀਵਰਸਿਟੀ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵੱਲੋਂ ਨਵੇਂ ਅਹੁਦਿਆਂ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

ਇਸੇ ਤਰ੍ਹਾਂ ਯੂਨੀਵਰਸਿਟੀ ਵੱਲੋਂ ਡਾ. ਅਮਰਜੀਤ ਕੌਰ ਐਸੋਸੀਏਟ ਪ੍ਰੋਫੈਸਰ ਨੂੰ ਵਿਭਾਗ ਮਾਇਕ੍ਰੋਬਾਇਓਲੋਜੀ, ਡਾ. ਸੰਗੀਤਾ ਅਰੋੜਾ ਨੂੰ ’ਵਰਸਿਟੀ ਸਕੂਲ ਆਫ ਫਾਈਨੈਂਸ਼ੀਅਲ ਸਟਡੀਜ਼, ਡਾ. ਅਸ਼ਵਨੀ ਲੂਥਰਾ ਨੂੰ ਗੁਰੂ ਰਾਮਦਾਸ ਸਕੂਲ ਆਫ ਪਲੈਨਿੰਗ, ਐਸੋਸੀਏਟ ਪ੍ਰੋਫੈਸਰ ਡਾ. ਅਮਨਦੀਪ ਸਿੰਘ ਨੂੰ ਫਿਜ਼ੀਕਲ ਐਜੂਕੇਸ਼ਨ (ਟੀਚਿੰਗ), ਐਸੋਸੀਏਟ ਪ੍ਰੋਫੈਸਰ ਡਾ. ਰਵਿੰਦਰ ਕੁਮਾਰ ਨੂੰ ਇਲੈਕਟ੍ਰਾਨਿਕਸ ਤਕਨਾਲੋਜੀ ਤੇ ਐਸੋਸੀਏਟ ਪ੍ਰੋਫੈਸਰ ਡਾ. ਹਰਮਿੰਦਰ ਸਿੰਘ ਨੂੰ ਮਕੈਨੀਕਲ ਇੰਜ. ਦਾ ਮੁਖੀ ਨਿਯੁਕਤ ਕੀਤਾ ਹੈ।