ਲੋਹੜੀ ਦਾ ਤਿਉਹਾਰ ਆ ਰਿਹਾ ਹੈ। ਪੰਜਾਬ ਦੇ ਲੋਕ ਲੋਹੜੀ ਦੇ ਤਿਉਹਾਰ ਨੂੰ ਬਹੁਤ ਹੀ ਸ਼ੌਂਕ ਨਾਲ ਮਨਾਉਂਦੇ ਹਨ। ਪੋਹ ਦੀ ਠੰਡ ਦੇ ਠਰੇ ਸਰੀਰ ਧੂਣੀ ਦੀ ਅੱਗ ਦੁਆਲੇ ਬੈਠਦੇ ਹਨ ਤੇ ਲੋਹੜੀ ਤੋਂ ਬਾਅਦ ਸਰਦੀ ਵੀ ਘਟਣ ਲਗਦੀ ਹੈ। ਲੋਹੜੀ ਤੋਂ ਬਾਅਦ ਮਕਰ ਸਕ੍ਰਾਂਤੀ ਦਾ ਤਿਉਹਾਰ ਦੇਸ਼ ਭਰ ਵਿਚ ਮਨਾਇਆ ਜਾਂਦਾ ਹੈ। ਇਨ੍ਹਾਂ ਦੋਨਾਂ ਤਿਉਹਾਰਾਂ ਵਿਚ ਤਿਲ, ਰਿਉੜੀ, ਗੱਚਕ ਆਦਿ ਖਾਧੇ ਜਾਂਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਇਨ੍ਹਾਂ ਤਿਉਹਾਰਾਂ ਤੇ ਕਿਹੜੀਆਂ ਚੀਜ਼ਾਂ ਖਾਧੀਆਂ ਜਾਂਦੀਆਂ ਹਨ –
ਰਿਉੜੀ
ਰਿਉੜੀ ਇਕ ਸਵੀਟ ਡਿਸ਼ ਹੈ। ਤੁਸੀਂ ਲੋਹੜੀ ਉੱਤੇ ਆਸਾਨੀ ਨਾਲ ਇਸਨੂੰ ਘਰ ਵਿਚ ਬਣਾ ਸਕਦੇ ਹੋ। ਇਸਨੂੰ ਬਣਾਉਣ ਲਈ ਤਿਲ, ਗੁੜ ਜਾਂ ਚੀਨੀ ਦੀ ਵਰਤੋਂ ਕੀਤੀ ਜਾਂਦੀ ਹੈ। ਇਕ ਪੈਨ ਵਿਚ ਤਿਲ ਪਾ ਕੇ 3-4 ਮਿੰਟਾਂ ਤੱਕ ਭੁੰਨੋ। ਫੇਰ ਪੈਨ ਵਿਚ ਗੁੜ ਤੇ ਪਾਣੀ ਮਿਲਾਕੇ ਉਬਾਲ ਲਵੋ। ਇਸ ਵਿਚ ਦੇਸੀ ਘਿਉ ਵੀ ਪਾ ਦਿਉ। ਇਸਨੂੰ ਉਦੋਂ ਤੱਕ ਉਬਾਲੋ ਕਿ ਗੁੜ ਗਾੜਾ ਨਾ ਹੋ ਜਾਵੇ। ਜਦੋਂ ਗੁੜ ਸਖ਼ਤ ਹੋ ਜਾਵੇ ਤਾਂ ਇਸ ਵਿਚ ਤਿਲ ਮਿਲਾ ਦੇਵੋ। ਕੁਝ ਕੁ ਤਿਲ ਬਚਾ ਕੇ ਰੱਖੋ। ਆਖੀਰ ਵਿਚ ਛੋਟੀਆਂ ਰਿਉੜੀਆਂ ਵੱਟ ਕੇ ਇਹਨਾਂ ਨੂੰ ਤਿਲਾਂ ਵਿਚ ਮਿਲਾ ਕੇ ਸੁਕਾ ਲਵੋ। ਰਿਉੜੀਆਂ ਤਿਆਰ ਹਨ।
ਮੁਰਮਰਾ
ਮੁਰਮਰੇ ਖਾਸ ਤੌਰ ਤੇ ਲੋਹੜੀ ਉੱਤੇ ਬਣਾਇਆ ਜਾਂਦਾ ਹੈ। ਪੰਜਾਬ ਵਿਚ ਇਸਨੂੰ ਮਰੂੰਡਾ ਕਿਹਾ ਜਾਂਦਾ ਹੈ। ਇਸਨੂੰ ਬਣਾਉਣ ਲਈ ਖਿੱਲਾਂ ਤੇ ਗੁੜ ਜਾਂ ਚੀਨੀ ਦੀ ਵਰਤੋਂ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਇਕ ਪੈਨ ਵਿਚ ਗੁੜ ਤੇ ਪਾਣੀ ਮਿਲਾ ਕੇ ਚਾਛਣੀ ਬਣਾਓ। ਚੰਗੀ ਤਰ੍ਹਾਂ ਉਬਾਲ ਕੇ ਗੈਸ ਬੰਦ ਕਰੋ। ਫਿਰ ਇਸ ਵਿਚ ਮੁਰਮਰੇ / ਫੁਲੀਆਂ ਮਿਲਾ ਦਿਉ। ਥੋੜਾ ਠੰਡਾ ਹੋ ਜਾਣ ਤੇ ਲੰਡੂ ਵੱਟ ਲਵੋ। ਜੇਕਰ ਮਿਸ਼ਰਣ ਥੋੜਾ ਚਿਪਚਿਪਾ ਲੱਗੇ ਤਾਂ ਹੱਥਾਂ ਉੱਤੇ ਥੋੜਾ ਤੇਲ ਲਗਾ ਲਵੋ। ਤੁਸੀਂ ਇਸਨੂੰ ਲੱਡੂਆਂ ਦੀ ਬਜਾਇ ਚੌਰਸ ਜਾਂ ਆਇਤਾਕਾਰ ਵਿਚ ਵੀ ਬਣਾ ਸਕਦੇ ਹੋ।
ਗੁੜ ਰੋਟੀ
ਗੁੜ ਦੀ ਰੋਟੀ ਨੂੰ ਪੰਜਾਬ ਵਿਚ ਮਿੱਠੀ ਰੋਟੀ ਜਾਂ ਮੰਨੀ ਕਹਿੰਦੇ ਹਨ। ਇਸਨੂੰ ਬਣਾਉਣ ਲਈ ਕਣਕ ਦੇ ਆਟੇ ਤੇ ਗੁੜ ਦੀ ਵਰਤੋਂ ਕੀਤੀ ਜਾਂਦੀ ਹੈ। ਗੁੜ ਨੂੰ ਪਾਣੀ ਵਿਚ ਉਬਾਲ ਕੇ ਚਾਛਣੀ ਤਿਆਰ ਕੀਤੀ ਜਾਂਦੀ ਹੈ। ਇਸ ਚਾਛਣੀ ਨੂੰ ਮਿਲਾਕੇ ਆਟਾ ਗੁੰਨ ਲਿਆ ਜਾਂਦਾ ਹੈ। ਇਸ ਆਟੇ ਨਾਲ ਮਿੱਠੀ ਰੋਟੀ ਬਣਦੀ ਹੈ।