03/28/2024 9:01 PM

ਅੰਗੀਠੀ ਬਾਲ ਕੇ ਸੁੱਤਾ ਸੀ ਪਰਿਵਾਰ

ਰਾਜਸਥਾਨ ਦੇ ਚੁਰੂ ਜ਼ਿਲ੍ਹੇ (Churu District) ਵਿਚ ਠੰਢ ਤੋਂ ਬਚਣ ਲਈ ਇਕ ਪਰਿਵਾਰ ਰਾਤ ਨੂੰ ਅੰਗੀਠੀ ਬਾਲ ਕੇ ਸੁੱਤਾ ਸੀ, ਪਰ ਅੰਗੀਠੀ ਦੇ ਧੂੰਏਂ ਕਾਰਨ ਪਰਿਵਾਰ ਦੇ ਤਿੰਨ ਜੀਆਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਜਦੋਂ ਸਵੇਰੇ ਪਰਿਵਾਰਕ ਮੈਂਬਰ ਨਾ ਉਠੇ ਤਾਂ ਇਸ ਹਾਦਸੇ ਦਾ ਪਤਾ ਲੱਗਾ। ਮਾਮਲਾ ਚੁਰੂ ਦੇ ਰਤਨਗੜ੍ਹ ਥਾਣਾ ਖੇਤਰ ਨਾਲ ਸਬੰਧਤ ਹੈ।

ਰਤਨਗੜ੍ਹ ਥਾਣਾ ਮੁਖੀ ਸੁਭਾਸ਼ ਬਿਜਾਰਨੀਆ ਨੇ ਦੱਸਿਆ ਕਿ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਐਤਵਾਰ ਰਾਤ ਪਿੰਡ ਗੌਰੀਸਰ ਵਿੱਚ ਵਾਪਰੀ। ਇੱਥੇ ਠੰਢ ਤੋਂ ਬਚਣ ਲਈ ਕਮਰੇ ਵਿੱਚ ਅੰਗੀਠੀ ਬਾਲ ਕੇ ਸੁੱਤੇ ਪਏ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਮੌਤ ਦੇ ਮੂੰਹ ਚਲੇ ਗਏ।

ਮਰਨ ਵਾਲਿਆਂ ਵਿੱਚ ਇੱਕ ਤਿੰਨ ਸਾਲ ਦਾ ਬੱਚਾ ਵੀ ਸ਼ਾਮਲ ਹੈ। ਗੌਰੀਸਰ ਵਾਸੀ ਅਮਰਚੰਦ ਪ੍ਰਜਾਪਤ (56) ਦਾ ਪਰਿਵਾਰ ਖੇਤ ਵਿੱਚ ਢਾਣੀ ਬਣਾ ਕੇ ਰਹਿੰਦਾ ਹੈ। ਅਮਰਚੰਦ ਦੇ ਦੋ ਪੁੱਤਰ ਰਾਜਕੁਮਾਰ ਅਤੇ ਕੇਦਾਰ ਗੁਜਰਾਤ ਵਿੱਚ ਕੰਮ ਕਰਦੇ ਹਨ। ਅਮਰਚੰਦ, ਉਸ ਦੀ ਪਤਨੀ ਸੋਨਾ ਦੇਵੀ (55), ਨੂੰਹ ਗਾਇਤਰੀ (25), ਪੰਜ ਸਾਲਾ ਪੋਤਾ ਕਮਲ, ਢਾਈ ਸਾਲ ਦੀ ਪੋਤੀ ਤੇਜਸਵਨੀ ਅਤੇ ਤਿੰਨ ਮਹੀਨਿਆਂ ਦੀ ਪੋਤੀ ਖੁਸ਼ੀ ਘਰ ਵਿਚ ਸਨ।

ਐਤਵਾਰ ਰਾਤ ਨੂੰ ਪਰਿਵਾਰਕ ਮੈਂਬਰ ਖਾਣਾ ਖਾ ਕੇ ਸੌਂ ਗਏ। ਕਮਲ ਬਾਹਰਲੇ ਕਮਰੇ ਵਿੱਚ ਆਪਣੇ ਦਾਦੇ ਨਾਲ ਸੁੱਤਾ ਸੀ। ਸੋਨਾ ਦੇਵੀ, ਗਾਇਤਰੀ, ਤੇਜਸਵਨੀ ਅਤੇ ਖੁਸ਼ੀ ਅੰਦਰ ਇੱਕ ਕਮਰੇ ਵਿੱਚ ਸੁੱਤੀਆਂ ਸਨ। ਅੱਤ ਦੀ ਠੰਢ ਕਾਰਨ ਉਨ੍ਹਾਂ ਨੇ ਕਮਰੇ ਵਿੱਚ ਅੰਗੀਠੀ ਬਾਲ ਦਿੱਤੀ।

ਇਸ ਕਾਰਨ ਰਾਤ ਨੂੰ ਕਮਰੇ ਵਿੱਚ ਸੌਂ ਰਹੇ ਪਰਿਵਾਰਕ ਮੈਂਬਰਾਂ ਦਾ ਦਮ ਘੁੱਟ ਗਿਆ। ਇਸ ਕਾਰਨ ਸੋਨਾ ਦੇਵੀ, ਗਾਇਤਰੀ ਅਤੇ ਤੇਜਸਵਨੀ ਦੀ ਮੌਤ ਹੋ ਗਈ। ਤਿੰਨ ਮਹੀਨੇ ਦੀ ਬੱਚੀ ਖੁਸ਼ੀ ਨੂੰ ਗੰਭੀਰ ਹਾਲਤ ‘ਚ ਚੁਰੂ ਦੇ ਜ਼ਿਲਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਉਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਘਟਨਾ ਦਾ ਸੋਮਵਾਰ ਸਵੇਰੇ ਪਤਾ ਲੱਗਾ ਅਤੇ ਮੌਕੇ ‘ਤੇ ਪਿੰਡ ਵਾਸੀਆਂ ਦੀ ਭੀੜ ਇਕੱਠੀ ਹੋ ਗਈ। ਸੂਚਨਾ ਮਿਲਣ ‘ਤੇ ਥਾਣਾ ਰਤਨਗੜ੍ਹ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਣਕਾਰੀ ਲਈ। ਪੁਲਿਸ ਨੇ ਦੱਸਿਆ ਕਿ ਜਦੋਂ ਸਵੇਰੇ ਘਰ ਦੀਆਂ ਔਰਤਾਂ ਨਹੀਂ ਉੱਠੀਆਂ ਤਾਂ ਖਿੜਕੀ ਤੋੜ ਕੇ ਦਰਵਾਜ਼ਾ ਖੋਲ੍ਹਿਆ ਗਿਆ। ਉਦੋਂ ਹੀ ਘਟਨਾ ਦਾ ਪਤਾ ਲੱਗਾ।