ਹੁਣ ਸਰਕਾਰੀ ਕਾਰਜਾਂ ‘ਚ ਗੜਬੜੀ ਔਖੀ ਹੋ ਜਾਏਗੀ। ਉਸਾਰੀ ਕਾਰਜਾਂ ਵਿੱਚ ਧਾਂਦਲੀ ਰੋਕਣ ਲਈ ਪੰਜਾਬ ਸਰਕਾਰ ਨਵੀਂ ਪਲਾਨਿੰਗ ਕਰ ਰਹੀ ਹੈ। ਕੰਮਾਂ ਦੀ ਗਣਵਤਾ ਪਰਖਣ ਲਈ ਲੈਬਾਰਟਰੀ ਟੈਸਟ ਕਰਵਾਏ ਜਾਣਗੇ। ਇਹ ਟੈਸਟ ਪਟਿਆਲਾ ਸਥਿਤ ਰਿਸਰਚ ਲੈਬਾਰਟਰੀ ਵਿੱਚ ਹੋਣਗੇ।
ਇਸ ਬਾਰੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਹੈ ਕਿ ਪੰਜਾਬ ਵਿੱਚ ਕਰਵਾਏ ਜਾਂਦੇ ਉਸਾਰੀ ਕਾਰਜਾਂ ਦੀ ਗੁਣਵੱਤਾ ਪਰਖਣ ਲਈ ਲੋਕ ਨਿਰਮਾਣ ਵਿਭਾਗ ਦੀ ਪਟਿਆਲਾ ਸਥਿਤ ਰਿਸਰਚ ਲੈਬਾਰਟਰੀ ਵਿੱਚੋਂ ਸਮੱਗਰੀ ਦੇ ਵੱਧ ਤੋਂ ਵੱਧ ਟੈਸਟ ਕਰਵਾਏ ਜਾਣੇ ਯਕੀਨੀ ਬਣਾਏ ਜਾਣਗੇ। ਮੰਤਰੀ ਈਟੀਓ ਲੰਘੇ ਦਿਨ ਪੀਡਬਲਿਯੂਡੀ ਰਿਸਰਚ ਲੈਬਾਰਟਰੀ ਦੇ ਕੰਮ ਦਾ ਜਾਇਜ਼ਾ ਲੈਣ ਪੁੱਜੇ ਸਨ।
ਮੰਤਰੀ ਨੇ ਲੈਬ ਦੀ ਦੇਖ-ਰੇਖ ਕਰ ਰਹੇ ਨਿਗਰਾਨ ਇੰਜਨੀਅਰ ਰਣਧੀਰ ਸਿੰਘ ਤੋਂ ਲੈਬਾਰਟਰੀ ਵਿੱਚ ਕੀਤੇ ਜਾਂਦੇ ਵੱਖ-ਵੱਖ ਟੈਸਟਾਂ ਦੀ ਜਾਣਕਾਰੀ ਹਾਸਲ ਕੀਤੀ। ਮੰਤਰੀ ਈਟੀਓ ਨੇ ਕਿਹਾ ਕਿ ਸੂਬੇ ਦੇ ਵੱਖ-ਵੱਖ ਵਿਭਾਗਾਂ ਨੂੰ ਹਦਾਇਤ ਕੀਤੀ ਜਾਵੇਗੀ ਕਿ ਸੂਬੇ ਵਿੱਚ ਕਰਵਾਏ ਜਾਂਦੇ ਵਿਕਾਸ ਕਾਰਜਾਂ ਨੂੰ ਮਿਆਰੀ ਰੱਖਣ ਤੇ ਇਨ੍ਹਾਂ ਦੀ ਗੁਣਵੱਤਾ ਮਾਪਦੰਡਾਂ ਨੂੰ ਯਕੀਨੀ ਬਣਾਉਣ ਲਈ ਵੱਧ ਤੋਂ ਵੱਧ ਟੈਸਟ ਇਸ ਲੈਬ ਵਿੱਚੋਂ ਕਰਵਾਏ ਜਾਣ।