ਅੰਮ੍ਰਿਤਸਰ: Amritsar: ਜ਼ਿਲ੍ਹਾ ਬਾਲ ਭਲਾਈ ਕੌਂਸਲ, ਅੰਮ੍ਰਿਤਸਰ ਵਲੋਂ ਰੈੱਡ ਕਰਾਸ ਭਵਨ, ਅੰਮ੍ਰਿਤਸਰ ਵਿਖੇ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਲੱਗਭਗ 12 ਸਕੂਲਾਂ ਦੇ 69 ਬੱਚਿਆਂ ਨੇ ਭਾਗ ਲਿਆ, ਜਿਸ ਵਿੱਚ ਬੱਚਿਆਂ ਨੇ ਆਪਣੇ ਹੁਨਰ ਨੂੰ ਵੱਖ-ਵੱਖ ਰੰਗਾਂ ਵਿਚ ਪੇਸ਼ ਕੀਤਾ। ਇਹ ਮੁਕਾਬਲੇ ਕਰਵਾਉਣ ਲਈ ਤਿੰਨ ਵੱਖ-ਵੱਖ ਗਰੁਪ ਬਣਾਏ ਗਏ। ਜਿਸ ਵਿੱਚ ਪਹਿਲੇ ਗਰੁੱਪ ਵਿੱਚ ਉਮਰ 5 ਤੋਂ 8 ਸਾਲ, ਦੂਸਰੇ ਗਰੁੱਪ ਵਿਚ ਉਮਰ 9 ਤੋਂ 12 ਸਾਲ ਤਕ ਅਤੇ ਤੀਸਰੇ ਗਰੁੱਪ ਵਿਚ ਉਮਰ 13 ਤੋਂ 16 ਸਾਲ ਸੀ।
ਇਹਨਾਂ ਬੱਚਿਆਂ ਦੀਆਂ ਬਣਾਈਆਂ ਹੋਈਆਂ ਚਿੱਤਰਕਲਾ ਨੂੰ ਜੱਜਮੈਂਟ ਕਰਨ ਲਈ ਤਿੰਨ ਜੱਜਾਂ ਦਾ ਪੈਨਲ ਬਣਾਇਆ ਗਿਆ। ਜਿਸ ਵਿਚ ਮਾਲਾ ਚਾਵਲਾ, ਕੁਲਵੰਤ ਸਿੰਘ ਅਤੇ ਜੋਤੀ ਸਿੰਘ ਜੱਜ ਸਨ। ਉਨਾਂ ਦੱਸਿਆ ਕਿ ਇਹ ਪੈਨਲ ਦੇ ਜੱਜ ਬੁਹਤ ਚੰਗੇ ਚਿੱਤਰਕਾਰ ਹਨ ਅਤੇ ਇਹ ਆਪਣੇ ਆਪਣੇ ਫੀਲਡ ਵਿਚ ਮੁਹਾਰਤ ਰੱਖਦੇ ਹਨ।
ਮੁਕਾਬਲਿਆਂ ਵਿਚ ਪਹਿਲੀਆਂ ਤਿੰਨ ਪੁਜੀਸ਼ਨਾ ਹਾਸਿਲ ਕਰਨ ਵਾਲੇ ਬੱਚਿਆ ਦੀਆ ਪੇਂਟਿੰਗ ਨੂੰ ਜ਼ਿਲ੍ਹਾ ਬਾਲ ਭਲਾਈ ਕੌਂਸਲ ਚੰਡੀਗੜ੍ਹ ਨੂੰ ਭੇਜਿਆ ਜਾਵੇਗਾ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਗੁਰਪ੍ਰੀਤ ਕੌਰ ਜੌਹਲ ਸੂਦਨ ਚੇਅਰਪਰਸਨ ਰੈੱਡ ਕਰਾਸ ਸੋਸਾਇਟੀ ਪਤਨੀ ਹਰਪ੍ਰੀਤ ਸਿੰਘ ਸੂਦਨ, ਡਿਪਟੀ ਕਮਿਸ਼ਨਰ ਵੱਲੋਂ ਕੀਤੀ ਗਈ ਅਤੇ ਪੇਟਿੰਗ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ । ਇਸ ਮੌਕੇ ਅਸੀਸਇੰਦਰ ਸਿੰਘ ਕਾਰਜਕਾਰੀ ਸਕੱਤਰ, ਰੈਡ ਕਰਾਸ ਸੁਸਾਇਟੀ ਅਤੇ ਕੌਂਸਲ ਦੇ ਹੋਰ ਮੈਂਬਰਾਂ ਵਲੋਂ ਵੀ ਇਸ ਚਿੱਤਰਕਲਾ ਦੇ ਮੁਕਾਬਲਿਆਂ ਵਿਚ ਸ਼ਿਰਕਤ ਕੀਤੀ ਗਈ।