ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਬਾਬਾ ਗਾਜੀ ਦਾਸ ਕਲੱਬ ਰੋਡਮਾਜਰਾ-ਚੱਕਲਾ ਵਲੋਂ ਕਰਵਾਏ ਜਾਂਦੇ ਸਲਾਨਾ ਖੇਡ ਸਮਾਗਮ ਵਿੱਚ ਅੱਜ ਸ਼ਿਰਕਤ ਕੀਤੀ ਗਈ।
ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਗਾਜੀ ਦਾਸ ਕਲੱਬ ਰੋਡਮਾਜਰਾ-ਚੱਕਲਾ ਦਾ ਇਹ ਇੱਕ ਵੱਡਾ ਉਪਰਾਲਾ ਹੈ ਜਿਨ੍ਹਾਂ ਵੱਲੋਂ ਇਹ ਖੇਡਾਂ ਹਰ ਸਾਲ ਕਰਵਾ ਕੇ ਨੌਜ਼ਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਂਦਾ ਹੈ ਜਿਸ ਨਾਲ ਸੂਬੇ ਦੇ ਖਿਡਾਰੀਆਂ ਨੂੰ ਵਧੀਆ ਖੇਡ ਪ੍ਰਦਰਸ਼ਨ ਕਰਨ ਦਾ ਸੁਨਹਿਰੀ ਮੌਕਾ ਵੀ ਮਿਲਦਾ ਹੈ।
ਉਨ੍ਹਾਂ ਕਿਹਾ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਖੇਡਾਂ ਨੂੰ ਹਰ ਪੱਧਰ ਉੱਤੇ ਉਤਸ਼ਾਹਿਤ ਕਰੀਏ ਜਿਸ ਵਿਚ ਪੰਜਾਬ ਸਰਕਾਰ ਨਾਲ ਮਿਲਕੇ ਸਮਾਜਿਕ ਜਥੇਬੰਦੀਆਂ ਅਹਿਮ ਰੋਲ ਨਿਭਾ ਸਕਦੀਆਂ ਹਨ। ਉਨ੍ਹਾਂ ਵਿਸ਼ੇਸ਼ ਜ਼ਿਕਰ ਕਰਦਿਆਂ ਬਾਬਾ ਗਾਜੀ ਦਾਸ ਕਲੱਬ ਰੋਡਮਾਜਰਾ-ਚੱਕਲਾ ਵਲੋਂ ਸਮਾਜਿਕ ਖ਼ੇਤਰ ਵਿੱਚ ਪਾਏ ਜਾਂਦੇ ਯੋਗਦਾਨ ਅਤੇ ਖੇਡਾਂ ਵਿਚ ਖਿਡਾਰੀਆਂ ਦਾ ਮਾਣ ਸਤਿਕਾਰ ਕਰਨ ਦੀ ਪ੍ਰਸ਼ੰਸਾ ਕੀਤੀ।
ਉਨ੍ਹਾਂ ਕਿਹਾ ਕਿ ਇਕ ਸਮਾਂ ਸੀ ਜਦੋਂ ਪੰਜਾਬ ਦੀ ਜਵਾਨੀ ਪੂਰੇ ਵਿਸ਼ਵ ਵਿਚ ਸਿਰਮੌਰ ਸੀ ਜਿਸ ਨੂੰ ਜੈ ਜਵਾਨ ਜੈ ਕਿਸਾਨ ਦੇ ਨਾਰੇ ਨਾਲ ਜਾਣਿਆ ਜਾਂਦਾ ਸੀ। ਰੰਗਲੇ ਪੰਜਾਬ ਨੂੰ ਮੁੜ੍ਹ ਖੁਸ਼ਹਾਲ ਕਰਨ ਲਈ ਪੇਂਡੂ ਖੇਡਾਂ ਕੱਬਡੀ, ਹਾਕੀ ਅਤੇ ਰੱਸਾ ਕੱਸੀ ਵਿਸ਼ੇਸ਼ ਤੌਰ ਉੱਤੇ ਸਹਾਈ ਹੋ ਸਕਦੀਆਂ ਹਨ ਜਿਸ ਲਈ ਪੰਜਾਬ ਸਰਕਾਰ ਪੁਰਜੋਰ ਯਤਨ ਕਰ ਰਹੀ ਹੈ।
ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਪਹਿਲੀ ਵਾਰ ਰੂਪਨਗਰ ਜ਼ਿਲ੍ਹੇ ਵਿੱਚ ਆਉਣ ਤੇ ਰੂਪਨਗਰ ਪੁਲੀਸ ਵੱਲੋਂ ਗਾਰਡ ਆਫ ਆਨਰ ਵੀ ਦਿੱਤਾ ਗਿਆ।
ਇਸ ਖੇਡ ਸਮਾਗਮ ਵਿਚ ਵਿਧਾਇਕ ਸ਼੍ਰੀ ਚਮਕੌਰ ਸਾਹਿਬ ਡਾਕਟਰ ਚਰਨਜੀਤ ਸਿੰਘ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐਸ ਪੀ ਰਾਜਪਾਲ ਹੁੰਦਲ, ਐਸ ਡੀ ਐੱਮ ਹਰਬੰਸ ਸਿੰਘ, ਪ੍ਰਿੰਸੀਪਲ ਸਰਕਾਰੀ ਕਾਲਜ ਰੂਪਨਗਰ ਪ੍ਰੋ. ਜਤਿੰਦਰ ਗਿੱਲ ਅਤੇ ਸੀਨੀਅਰ ਕਿਸਾਨ ਆਗੂ ਵੀ ਹਾਜਰ ਸਨ।