ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੰਗਾਪਰ ਟ੍ਰੇਨਿੰਗ ਲਈ ਜਾ ਰਹੇ 36 ਪ੍ਰਿੰਸੀਪਲਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਰਵਾਨਗੀ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਸਾਰੇ ਪਿੰਸੀਪਲਾਂ ਨਾਲ ਇਕੱਲੇ-ਕੱਲੇ ਪ੍ਰਿੰਸੀਪਲ ਨਾਲ ਜਾਣ ਪਛਾਣ ਕੀਤੀ ਗਈ। ਉਸ ਮੌਕੇ ਉਨ੍ਹਾਂ ਨਾਲ ਸਿੱਖਿਆ ਮਤਰੀ ਹਰਜੋਤ ਬੈਂਸ ਵੀ ਨਾਲ ਰਹੇ।
ਮੁੱਖ ਮੰਤਰੀ ਨੇ ਕੀ ਕਿਹਾ
ਪੰਜਾਬ ਦੇ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲਾਂ ਨੂੰ ਵਿਦੇਸ਼ ਭੇਜਣ ਤੋਂ ਬਾਅਦ ਭਗਵੰਤ ਮਾਨ ਨੇ ਮੀਡੀਆ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਿੰਗਾਪੁਰ ਵਿੱਚ ਪ੍ਰਿੰਸੀਪਲਾਂ ਦੀ ਸਿਖਲਾਈ ਲਈ ਅਕੈਡਮੀ ਹੈ ਜਿੱਥੇ ਜਾ ਕੇ ਇਹ ਆਧੁਨਿਕ ਪੜ੍ਹਾਈ ਦੀ ਟ੍ਰੇਨਿੰਗ ਲੈ ਕੇ ਆਉਣਗੇ ਅਤੇ ਆ ਕੇ ਆਪਣੇ ਸਹਿ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਨਗੇ। ਉਨ੍ਹਾ ਕਿਹਾ ਕਿ ਪਹਿਲਾਂ ਦਿੱਲੀ ਦੇ ਸਕੂਲਾਂ ਦੇ ਅਧਿਆਪਕ ਉੱਥੋਂ ਸਿਖਲਾਈ ਲੈ ਕੇ ਆਏ ਹਨ। ਜਿਸ ਤਰ੍ਹਾਂ ਦਿੱਲੀ ਵਿਚ ਸਕੂਲਾਂ ਦਾ ਕਾਇਆਕਲਪ ਹੋਇਆ ਹੈ ਉਸੇ ਤਰ੍ਹਾਂ ਪੰਜਾਬ ਦੇ ਸਕੂਲਾਂ ਵਿੱਚ ਵੱਡੇ ਸੁਧਾਰ ਲਿਆਵਾਂਗੇ।
ਉਨ੍ਹਾਂ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ ਵਿੱਚ ਸਿੱਖਿਆ ਦੇ ਬਜਟ ਵਿੱਚ ਵੀ ਵਾਧਾ ਕਰਾਂਗੇ। ਅਸੀਂ ਸਕੂਲਾਂ ਨੂੰ ਇਸ ਕਦਰ ਬਿਹਤਰ ਬਣਾਵਾਂਗੇ ਕਿ ਇਨ੍ਹਾਂ ਸਕੂਲਾਂ ਵਿੱਚ ਪੜ੍ਹਣ ਵਾਲੇ ਬੱਚੇ ਆਪਣੇ ਆਪ ‘ਤੇ ਫਖਰ ਮਹਿਸੂਸ ਕਰਨ ਕਿ ਅਸੀਂ ਪੰਜਾਬ ਦੇ ਸਕੂਲਾਂ ਵਿੱਚ ਪੜ੍ਹੇ ਹੋਏ ਹਾਂ ।
ਜ਼ਿਕਰ ਕਰ ਦਈਏ ਕਿ ਮੰਤਰੀ ਮੰਡਲ ਨੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ 66 ਪ੍ਰਿੰਸੀਪਲਾਂ ਨੂੰ ਸਿਖਲਾਈ ਲਈ ਸਿੰਗਾਪੁਰ ਭੇਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਕੀਮ ਮੁਤਾਬਕ ਸਕੂਲ ਸਿੱਖਿਆ ਵਿਭਾਗ ਵੱਲੋਂ ਵਿੱਤੀ ਸਾਲ 2022-23 ਦੌਰਾਨ 36 ਪ੍ਰਿੰਸੀਪਲਾਂ ਦਾ ਇੱਕ ਬੈਚ ਪ੍ਰਿੰਸੀਪਲ ਅਕੈਡਮੀ, ਸਿੰਗਾਪੁਰ ਵਿਖੇ ਅਤੇ 30 ਪ੍ਰਿੰਸੀਪਲਾਂ ਦੇ ਬੈਚ ਨੂੰ ਨੈਸ਼ਨਲ ਇੰਸਟੀਚਿਊਟ ਆਫ਼ ਐਜੂਕੇਸ਼ਨ (ਐਨ.ਆਈ.ਈ.), ਜੋ ਨਾਨਯਾਂਗ ਟੈਕਨੋਲੋਜੀਕਲ ਯੂਨੀਵਰਸਿਟੀ, ਸਿੰਗਾਪੁਰ ਦੀ ਇੱਕ ਖੁਦਮੁਖਤਿਆਰੀ ਸੰਸਥਾ ਹੈ, ਵਿਖੇ ਭੇਜਿਆ ਜਾਵੇਗਾ।
ਇਸ ਦੌਰਾਨ ਇਨ੍ਹਾਂ ਪ੍ਰਿੰਸੀਪਲਾਂ ਨੂੰ ਪੜ੍ਹਾਉਣ ਦੇ ਅਤਿ-ਆਧੁਨਿਕ ਢੰਗ-ਤਰੀਕਿਆਂ, ਲੀਡਰਸ਼ਿਪ ਦੇ ਹੁਨਰ, ਅਧਿਆਪਨ-ਸਿਖਲਾਈ ਸਮੱਗਰੀ ਤਿਆਰ ਕਰਨ ਅਤੇ ਆਡੀਓ-ਵਿਜ਼ੂਅਲ ਟੈਕਨਾਲੋਜੀ ਬਾਰੇ ਜਾਣਨ ਦਾ ਮੌਕਾ ਮਿਲੇਗਾ ਅਤੇ ਇਹ ਸਿਖਲਾਈ ਮਹਾਂਮਾਰੀ ਤੋਂ ਬਾਅਦ ਦੀ ਦੁਨੀਆ ਵਿੱਚ ਸਿੱਖਿਆ, ਅਸੈਂਸ਼ੀਅਲਜ਼ ਆਫ਼ ਸਟ੍ਰੈਟੇਜਿਕ ਮੈਨੇਜਮੈਂਟ, ਸਕੂਲ ਦੇ ਮਾਹੌਲ ਵਿੱਚ ਬਦਲਾਅ, ਬਿਲਡਿੰਗ ਟੀਚਰਜ਼ ਪ੍ਰੋਫੈਸ਼ਨਲ ਕੈਪੀਟਲ, ਪਾਠਕ੍ਰਮ ਸਬੰਧੀ ਲੀਡਰਸ਼ਿਪ, ਮੈਂਟਰਿੰਗ, ਐਂਡ ਲੈਸਨ ਅਬਜਰਵੇਸ਼ਨ ਸਕਿੱਲਜ਼, ਅਧਿਆਪਨ ਅਤੇ ਸਿੱਖਣ ਵਿੱਚ ਨਵੀਨਤਾ ਅਤੇ ਪ੍ਰਭਾਵੀ ਸੰਚਾਰ ਦੇ ਉਦੇਸ਼ਾਂ ਦੀ ਪ੍ਰਾਪਤੀ ਲਈ ਸਹਾਇਕ ਹੋਵੇਗੀ।