ਬਠਿੰਡਾ ਵਿੱਚ ਕੌਮੀ ਜਾਂਚ ਏਜੰਸੀ ਐਨਆਈਏ ਨੇ ਰੇਡ ਮਾਰੀ ਹੈ। ਐਨਆਈਏ ਦੀ ਟੀਮ ਬਠਿੰਡਾ ਦੇ ਪਿੰਡ ਮਛਾਣਾ ਵਿੱਚ ਗੈਂਗਸਟਰ ਰੰਮੀ ਮਸਾਣਾ ਦੇ ਘਰ ਪਹੁੰਚੀ ਹੈ। ਗੈਂਗਸਟਰ ਰੰਮੀ ਮਛਾਣਾ ਬਠਿੰਡਾ ਜੇਲ੍ਹ ਵਿੱਚ ਬੰਦ ਹੈ। ਰੰਮੀ ਮਛਾਣਾ ਤੇ ਕਰੀਬ 3 ਦਰਜਨ ਸੰਗੀਨ ਅਪਰਾਧਕ ਮਾਮਲੇ ਦਰਜ ਹਨ। ਉਸ ਖਿਲਾਫ ਕਤਲ, ਇਰਾਦਾ ਕਤਲ ਤੇ ਅਸਲਾ ਐਕਟ ਤਹਿਤ ਕਈ ਮਾਮਲੇ ਦਰਜ ਹਨ।
ਦੱਸ ਦਈਏ ਕਿ ਪੰਜਾਬ ਤੇ ਹਰਿਆਣਾ ਵਿੱਚ ਐਨਆਈਏ ਦੀਆਂ ਟੀਮਾਂ ਨੇ ਅੱਜ ਸਵੇਰੇ ਹੀ ਗੈਂਗਸਟਰਾਂ ਤੇ ਉਨ੍ਹਾਂ ਨਾਲ ਸਬੰਧਤ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਪੰਜਾਬ ‘ਚ ਬਠਿੰਡਾ, ਮੋਗਾ ਤੇ ਮੁਕਤਸਰ ‘ਚ ਛਾਪੇਮਾਰੀ ਹੋਈ ਹੈ, ਜਦਕਿ ਹਰਿਆਣਾ ‘ਚ ਸਿਰਸਾ, ਯਮੁਨਾਨਗਰ, ਨਾਰਨੋਲ, ਝੱਜਰ ‘ਚ ਛਾਪੇਮਾਰੀ ਹੋਈ ਹੈ।
ਸੂਤਰਾਂ ਮੁਤਾਬਕ ਬਠਿੰਡਾ ਦੇ ਪਿੰਡ ਮਛਾਣਾ ‘ਚ ਗੈਂਗਸਟਰ ਰੰਮੀ ਮਛਾਣਾ ਦੇ ਟਿਕਾਣੇ ‘ਤੇ ਛਾਪੇਮਾਰੀ ਕੀਤੀ ਗਈ ਹੈ। ਗਿੱਦੜਬਾਹਾ ‘ਚ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਲਖਵੀਰ ਸਿੰਘ ਕਿੰਗਰਾ ਦੇ ਘਰ ਵੀ ਛਾਪਾ ਮਾਰਿਆ ਗਿਆ ਹੈ ਜਦਕਿ ਮੋਗਾ ‘ਚ ਗੈਂਗਸਟਰ ਅਰਸ਼ਦੀਪ ਡੱਲਾ ਦੇ ਟਿਕਾਣੇ ‘ਤੇ ਛਾਪਾ ਮਾਰਿਆ ਗਿਆ ਹੈ। ਅੱਜ NIA ਨੇ ਦੇਸ਼ ਦੇ ਕਰੀਬ 70 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ
ਇਨ੍ਹਾਂ ਥਾਵਾਂ ’ਤੇ ਛਾਪੇਮਾਰੀ
ਗੁਜਰਾਤ— NIA ਨੇ ਗਾਂਧੀਧਾਮ ‘ਚ ਲਾਰੇਂਸ ਬਿਸ਼ਨੋਈ ਦੇ ਸਾਥੀ ਕੁਲਵਿੰਦਰ ‘ਤੇ ਵੀ ਛਾਪੇਮਾਰੀ ਕੀਤੀ ਹੈ। ਕੁਲਵਿੰਦਰ ਬਿਸ਼ਨੋਈ ਨਾਲ ਲੰਬੇ ਸਮੇਂ ਤੋਂ ਜੁੜਿਆ ਹੋਇਆ ਹੈ। ਇਸ ਤੋਂ ਪਹਿਲਾਂ ਵੀ ਇਸ ਦਾ ਨਾਂ ਬਿਸ਼ਨੋਈ ਗੈਂਗ ਦੇ ਲੋਕਾਂ ਨੂੰ ਪਨਾਹ ਦੇਣ ਦੇ ਮਾਮਲੇ ‘ਚ ਆਇਆ ਸੀ। ਕੁਲਵਿੰਦਰ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਨਾਲ ਵੀ ਜੁੜਿਆ ਹੋਇਆ ਹੈ।
ਪੀਲੀਭੀਤ: ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆਈ ਹੈ ਕਿ ਪੀਲੀਭੀਤ ਵਿੱਚ ਦਿਲਭਾਗ ਸਿੰਘ ਨਾਮ ਦੇ ਇੱਕ ਵਿਅਕਤੀ ਦੇ ਟਿਕਾਣੇ ‘ਤੇ ਛਾਪੇਮਾਰੀ ਕੀਤੀ ਗਈ ਹੈ। ਐਨਆਈਏ ਦੀ ਟੀਮ ਸਵੇਰੇ 5 ਵਜੇ ਇੱਥੇ ਪਹੁੰਚੀ। ਟੀਮ ਕੋਲ ਦਿੱਲੀ ਵਾਲੇ ਦੋ ਗੱਡੀਆਂ ਅਤੇ ਦੋ ਲਾਕਰ ਨੰਬਰ ਸਨ। ਦਿਲਭਾਗ ਪੰਜਾਬ ਦਾ ਵਸਨੀਕ ਹੈ। ਟੀਮ ਕਰੀਬ ਇਕ ਘੰਟੇ ਤੱਕ ਇੱਥੇ ਮੌਜੂਦ ਰਹੀ।
ਪ੍ਰਤਾਪਗੜ੍ਹ— ਕੇਂਦਰੀ ਜਾਂਚ ਏਜੰਸੀ NIA ਨੇ ਪ੍ਰਤਾਪਗੜ੍ਹ ‘ਚ ਵੀ ਛਾਪੇਮਾਰੀ ਕੀਤੀ ਹੈ। ਸੂਤਰਾਂ ਮੁਤਾਬਕ ਐਨਆਈਏ ਦੀ ਟੀਮ ਬੀਤੀ ਰਾਤ ਨਗਰ ਕੋਤਵਾਲੀ ਇਲਾਕੇ ਵਿੱਚ ਪਹੁੰਚੀ ਸੀ। ਨਗਰ ਕੋਤਵਾਲੀ ਦੇ ਗੋਡੇ ਪਿੰਡ ‘ਚ NIA ਨੇ ਛਾਪਾ ਮਾਰਿਆ। ਹਾਲਾਂਕਿ ਟੀਮ ਨੂੰ ਗਲਤ ਪਤੇ ‘ਤੇ ਛਾਪੇਮਾਰੀ ਕਰਕੇ ਪਿੰਡ ਤੋਂ ਵਾਪਸ ਪਰਤਣਾ ਪਿਆ। ਹਾਲਾਂਕਿ ਪ੍ਰਤਾਪਗੜ੍ਹ ‘ਚ NIA ਟੀਮ ਦੀ ਮੌਜੂਦਗੀ ਅਜੇ ਵੀ ਦੱਸੀ ਜਾ ਰਹੀ ਹੈ।
ਹਰਿਆਣਾ— ਨਾਰਨੌਲ ‘ਚ NIA ਨੇ ਤੜਕੇ ਗੈਂਗਸਟਰ ਸੁਰੇਂਦਰ ਉਰਫ ਚੀਕੂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਪਿੰਡ ਮੋਹਨਪੁਰ ਵਿੱਚ ਗੈਂਗਸਟਰ ਸੁਰਿੰਦਰ ਉਰਫ਼ ਚੀਕੂ ਦੇ ਘਰ ਤੋਂ ਇਲਾਵਾ ਨਾਰਨੌਲ ਦੇ ਸੈਕਟਰ 1 ਵਿੱਚ ਰਹਿੰਦੇ ਉਸ ਦੇ ਰਿਸ਼ਤੇਦਾਰ ਦੇ ਘਰ ਵੀ ਐਨਆਈਏ ਨੇ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਸਥਾਨਕ ਪੁਲੀਸ ਅਤੇ ਸੀਆਈਏ ਦੀ ਟੀਮ ਵੀ ਨਾਲ ਰਹੀ। ਇਸ ਤੋਂ ਪਹਿਲਾਂ ਵੀ NIA ਦੀ ਟੀਮ ਨੇ ਗੈਂਗਸਟਰ ਸੁਰਿੰਦਰ ਉਰਫ਼ ਚੀਕੂ ਦੇ ਮੋਹਨਪੁਰ ਸਥਿਤ ਘਰ ‘ਤੇ ਛਾਪਾ ਮਾਰਿਆ ਸੀ।