ਬਰਨਾਲਾ : ਬੁੱਧਵਾਰ ਨੂੰ ਵਿਜੀਲੈਂਸ ਦੇ ਡੀਐਸਪੀ ਪਰਮਿੰਦਰ ਸਿੰਘ ਨੇ ਬਰਨਾਲਾ ਦੇ ਇਕ ਪਟਵਾਰੀ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਇਸ ਸਬੰਧੀ ਡੀਐਸਪੀ ਵਿਜੀਲੈਂਸ ਪਰਮਿੰਦਰ ਸਿੰਘ ਨੇ ਦੱਸਿਆ ਕਿ ਪਟਵਾਰੀ ਗੁਰਬਖ਼ਸ਼ ਸਿੰਘ ਜੋ ਕਿ ਬਰਨਾਲਾ ਦੇ ਦਿਹਾਤੀ ਖੇਤਰ ਦਾ ਕੰਮ ਦੇਖਦਾ ਹੈ। ਉਨ੍ਹਾਂ ਨੇ ਪ੍ਰਦੀਪ ਸਿੰਘ ਪੁੱਤਰ ਸਵ. ਸ਼ੇਰ ਸਿੰਘ ਪਿੰਡ ਠੀਕਰੀਵਾਲ ਦੀ ਛੇ ਏਕੜ ਵਿਰਾਸਤੀ ਜ਼ਮੀਨ ਦਾ ਕੰਮ ਕਰਵਾਉਣਾ ਸੀ। ਜਿਸ ਦੇ ਇਵਜ਼ ‘ਚ ਪਟਵਾਰੀ ਗੁਰਬਖਸ਼ ਸਿੰਘ ਪ੍ਰਦੀਪ ਸਿੰਘ ਨੂੰ ਤਿੰਨ ਮਹੀਨੇ ਦੀ ਲੇਟ ਕਰਦਾ ਰਿਹਾ। ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰਦੀਪ ਸਿੰਘ ਤੋਂ ਉਸ ਦੇ ਕੰਮ ਸਬੰਧੀ ਰਿਸ਼ਵਤ ਵਜੋਂ 18 ਹਜ਼ਾਰ ਰੁਪਏ ਦੀ ਮੰਗ ਕੀਤੀ ਜਿਸ ਤੋਂ ਬਾਅਦ ਪ੍ਰਦੀਪ ਸਿੰਘ ਨੇ ਮੰਗਲਵਾਰ ਨੂੰ ਪਟਵਾਰੀ ਗੁਰਬਖਸ਼ ਸਿੰਘ ਵੱਲੋਂ ਰੱਖੇ ਪ੍ਰਾਈਵੇਟ ਮੁਲਾਜ਼ਮ ਨੂੰ 3000 ਰੁਪਏ ਦੇ ਦਿੱਤੇ। ਇਸ ਤੋਂ ਬਾਅਦ ਪ੍ਰਦੀਪ ਸਿੰਘ ਆਮ ਆਦਮੀ ਪਾਰਟੀ ਦੇ ਆਗੂ ਨੂੰ ਆਪਣੇ ਨਾਲ ਵਿਜੀਲੈਂਸ ਕੋਲ ਲੈ ਗਿਆ। ਇਸ ਤੋਂ ਬਾਅਦ ਵਿਜੀਲੈਂਸ ਟੀਮ ਨੇ ਪ੍ਰਦੀਪ ਸਿੰਘ ਨੂੰ 10,000 ਰੁਪਏ ਦੀ ਨਕਦੀ ਸਮੇਤ ਪਟਵਾਰੀ ਗੁਰਬਖਸ਼ ਸਿੰਘ ਕੋਲ ਭੇਜ ਦਿੱਤਾ।ਪਟਵਾਰੀ ਵੱਲੋਂ 10,000 ਰੁਪਏ ਲੈਂਦਿਆਂ ਵਿਜੀਲੈਂਸ ਦੀ ਟੀਮ ਨੇ ਸਰਕਾਰੀ ਗਵਾਹ ਅਸ਼ੋਕ ਕੁਮਾਰ ਬੱਤਾ ਅਤੇ ਜਗਰੂਪ ਸਿੰਘ ਦੀ ਹਾਜ਼ਰੀ ਵਿਚ ਪਟਵਾਰੀ ਗੁਰਬਖਸ਼ ਸਿੰਘ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ, ਜਦੋਂਕਿ ਵਿਜੀਲੈਂਸ ਟੀਮ ਨੇ ਪਟਵਾਰੀ ਕੋਲ ਕੰਮ ਕਰਦੇ ਮੁਲਾਜ਼ਮ ਇੰਦਰਜੀਤ ਸਿੰਘ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਹੈ।