ਗੁਰਦੁਆਰਾ ਪਤਾਲਪੁਰੀ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਨੂੰ ਜਾਣ ਵਾਲਾ ਪਾਣੀ ਅਣਮਿੱਥੇ ਸਮੇਂ ਲਈ ਵਿਸਾਖੀ ਤੋਂ ਪਹਿਲਾਂ ਬੰਦ ਕਰ ਦਿੱਤਾ ਗਿਆ ਹੈ। ਭਾਖੜਾ ਨਹਿਰ ਤੋਂ ਨੱਕੀਆਂ ਦੇ ਗੇਟਾਂ ਰਾਹੀਂ ਪਤਾਲਪੁਰੀ ਸਾਹਿਬ ਨੂੰ ਛੱਡੇ ਜਾਣ ਵਾਲੇ ਇਸ ਪਾਣੀ ਨੂੰ ਛੱਡਣ ਦਾ ਸਮਝੌਤਾ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਵਿਚਕਾਰ ਭਾਖੜਾ ਨਹਿਰ ਬਣਨ ਤੋਂ ਪਹਿਲਾਂ ਕੀਤਾ ਗਿਆ ਸੀ।
ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦੀ ਨੰਗਲ ਡੈਮ ਤੋਂ ਪਾਣੀ ਦੀ ਸਪਲਾਈ ਬੰਦ ਹੋਣ ਤੋਂ ਬਾਅਦ ਪਤਾਲਪੁਰੀ ਸਾਹਿਬ ਨੂੰ ਦਿੱਤਾ ਜਾਣ ਵਾਲਾ ਇਹ ਪਾਣੀ ਵੀ ਬੰਦ ਹੋ ਗਿਆ ਹੈ ਅਤੇ ਭਾਖੜਾ ਨਹਿਰ ਵਿਚ ਵੀ ਪਾਣੀ ਦੀ ਸਪਲਾਈ ਘੱਟ ਹੋਣ ਕਾਰਨ ਨੱਕੀਆਂ ਤੋਂ ਪਤਾਲਪੁਰੀ ਨੂੰ ਜਾਣ ਵਾਲੇ ਗੇਟ ਬੰਦ ਕਰ ਦਿੱਤੇ ਗਏ ਹਨ। ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂ ਆਪਣੇ ਮ੍ਰਿਤਕ ਪ੍ਰਾਣੀਆਂ ਦੀਆਂ ਅਸਥੀਆਂ ਇਥੇ ਜਲ ਪ੍ਰਵਾਹ ਕਰਦੇ ਹਨ। ਪਾਣੀ ਦੀ ਘਾਟ ਕਾਰਨ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।