ਕਈ ਲੋਕਾਂ ਨੂੰ ਖਾਣਾ ਖਾਣ ਦੇ ਨਾਲ-ਨਾਲ ਕੋਲਡ ਡਰਿੰਕਸ ਪੀਣ ਦੀ ਆਦਤ ਹੁੰਦੀ ਹੈ। ਹੋ ਸਕਦਾ ਹੈ ਕਿ ਤੁਹਾਨੂੰ ਵੀ ਅਜਿਹੀ ਹੀ ਆਦਤ ਹੋਵੇ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਅਜਿਹਾ ਕਰਨਾ ਬੰਦ ਕਰ ਦਿਓ, ਕਿਉਂਕਿ ਇਸ ਨਾਲ ਕੈਲੋਰੀ ਵਧਣ ਦੇ ਨਾਲ-ਨਾਲ ਹੋਰ ਵੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਖਾਣੇ ਦੇ ਨਾਲ-ਨਾਲ ਸਾਫਟ ਡਰਿੰਕਸ ਪੀਣ ਦੇ ਕੀ-ਕੀ ਨੁਕਸਾਨ ਹੁੰਦੇ ਹਨ?
ਸ਼ੂਗਰ ਵਧਣ ਦਾ ਖ਼ਤਰਾ : ਜਦੋਂ ਤੁਸੀਂ ਖਾਣਾ ਖਾਂਦੇ ਹੋ ਤਾਂ ਭੋਜਨ ‘ਚ ਕਾਰਬੋਹਾਈਡ੍ਰੇਟਸ ਅਤੇ ਹੋਰ ਪੌਸ਼ਟਿਕ ਤੱਤ ਲੈਂਦੇ ਰਹਿੰਦੇ ਹੋ ਪਰ ਜਦੋਂ ਤੁਸੀਂ ਇਸ ਦੇ ਨਾਲ ਕੋਲਡ ਡਰਿੰਕਸ ਪੀਂਦੇ ਹੋ ਤਾਂ ਪੀਣ ਵਾਲੇ ਪਦਾਰਥ ਦੀ ਸ਼ੂਗਰ ਵੀ ਤੁਹਾਡੇ ਸਰੀਰ ‘ਚ ਜਾਂਦੀ ਹੈ ਅਤੇ ਤੁਹਾਡੇ ਸਰੀਰ ‘ਚ ਸ਼ੂਗਰ ਦੀ ਮਾਤਰਾ ਵੱਧ ਜਾਂਦੀ ਹੈ। ਇਸ ਲਈ ਇਸ ਨੂੰ ਭੋਜਨ ਦੇ ਨਾਲ ਨਾ ਲਓ।
ਹੱਡੀਆਂ ‘ਤੇ ਅਸਰ : ਜ਼ਿਆਦਾਤਰ ਸਾਫਟ ਡਰਿੰਕਸ ‘ਚ ਫਾਸਫੋਰਸ ਜ਼ਿਆਦਾ ਮਾਤਰਾ ‘ਚ ਪਾਇਆ ਜਾਂਦਾ ਹੈ। ਜਦੋਂ ਫਾਸਫੋਰਸ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਤੁਹਾਡੇ ਸਰੀਰ ਨੂੰ ਕੈਲਸ਼ੀਅਮ ਨੂੰ ਜਜ਼ਬ ਕਰਨ ‘ਚ ਮੁਸ਼ਕਲ ਆਉਂਦੀ ਹੈ, ਜਿਸ ਕਾਰਨ ਤੁਹਾਡੀਆਂ ਹੱਡੀਆਂ ਦੀ ਸਿਹਤ ‘ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।
ਸਰੀਰ ਦੇ ਡੀਹਾਈਡ੍ਰੇਸ਼ਨ ਦਾ ਖਤਰਾ ਵਧਦਾ : ਸਾਫਟ ਡਰਿੰਕਸ ਪੀਣ ਤੋਂ ਬਾਅਦ ਸਾਦਾ ਪਾਣੀ ਜਾਂ ਹੈਲਦੀ ਡਰਿੰਕਸ ਪੀਣ ਦੀ ਸੰਭਾਵਨਾ ਘੱਟ ਜਾਂਦੀ ਹੈ। ਇਸ ਕਾਰਨ ਤੁਸੀਂ ਆਪਣੇ ਸਰੀਰ ਨੂੰ ਲੋੜੀਂਦੇ ਇਲੈਕਟ੍ਰੋਲਾਈਟਸ, ਜ਼ਰੂਰੀ ਵਿਟਾਮਿਨ ਅਤੇ ਖਣਿਜ ਪ੍ਰਦਾਨ ਕਰਨ ‘ਚ ਅਸਮਰੱਥ ਹੋ ਜਾਂਦੇ ਹੋ। ਨਾਲ ਹੀ ਸਾਫਟ ਡਰਿੰਕਸ ‘ਚ ਮੌਜੂਦ ਕੈਫੀਨ ਤੁਹਾਡੇ ਸਰੀਰ ਨੂੰ ਡੀਹਾਈਡ੍ਰੇਟ ਕਰਦੀ ਹੈ।
ਇਸ ਲਈ ਜੇਕਰ ਤੁਸੀਂ ਇੱਕ ਦਿਨ ‘ਚ 6 ਤੋਂ 7 ਕੈਨ ਕੋਲਡ ਡਰਿੰਕਸ ਪੀਂਦੇ ਹੋ ਤਾਂ ਇਹ ਤੁਹਾਡੇ ਗੁਰਦਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਅਜਿਹੇ ਡ੍ਰਿੰਕ ਪੀਣ ਵਾਲੇ ਕਿਸ਼ੋਰਾਂ ਅਤੇ ਨੌਜਵਾਨਾਂ ਨੂੰ ਛੋਟੀ ਉਮਰ ‘ਚ ਗੁਰਦੇ ਦੀ ਪੱਥਰੀ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।