ਵਿਧਾਨ ਸਭਾ ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀਆਂ ਮੁਸ਼ਕਿਲਾਂ ਆਉਣ ਵਾਲੇ ਦਿਨਾਂ ਵਿਚ ਵਧ ਸਕਦੀਆਂ ਹਨ। ਖਹਿਰਾ ਚੋਣਾਂ ਦੌਰਾਨ ਅਕਸਰ ਚਰਚਾ ਵਿਚ ਰਹੇ ਹਨ। ਭਾਂਵੇ ਉਹ ਮੌਜੂਦਾ ਜਲੰਧਰ ਲੋਕ ਸਭਾ ਸੀਟ ਦੀ ਉਪ ਚੋਣ ਹੋਵੇ ਜਾਂ 2022 ਦੀਆਂ ਵਿਧਾਨ ਸਭਾ ਚੋਣਾਂ। ਇਕ ਜਾਂ ਦੂਜੇ ਵਿਵਾਦ ਕਾਰਨ ਖਹਿਰਾ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ।
ਜੇਕਰ ਬੀਤੇ ਦਿਨੀਂ ਹੋਈ ਐੱਫ. ਆਈ. ਆਰ. ਦੀ ਗੱਲ ਕਰੀਏ ਤਾਂ ਐੱਸ. ਡੀ. ਐੱਮ. ਸੰਜੀਵ ਕੁਮਾਰ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਮੁੱਖ ਸਕੱਤਰ ਪੰਜਾਬ ਨੂੰ ਈ-ਮੇਲ ਰਾਹੀਂ ਸ਼ਿਕਾਇਤ ਭੇਜੀ ਸੀ ਕਿ ਉਹ ਵਿਧਾਇਕ ਹੋਣ ਦੇ ਨਾਤੇ ਖਹਿਰਾ ਦੀ ਇੱਜ਼ਤ ਕਰਦੇ ਹਨ ਪਰ ਖਹਿਰਾ ਵੱਲੋਂ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਨਾਲ ਮੇਰੀ ਜਾਨ ਨੂੰ ਖ਼ਤਰਾ ਹੈ।
ਇਸ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਥਾਣਾ ਭੁਲੱਥ ਵਿਚ ਆਈ. ਪੀ. ਸੀ. ਦੀ ਧਾਰਾ 186, 189, 342, 500 ਅਤੇ 506 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਖਹਿਰਾ ਨੇ ਆਪਣਾ ਪੱਖ ਰੱਖਦੇ ਹੋਏ ਦੋਸ਼ਾਂ ਨੂੰ ਨਕਾਰ ਦਿੱਤਾ। ਭਾਵੇਂ ਖਹਿਰਾ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰ ਰਹੇ ਹਨ ਪਰ ਐੱਸ. ਡੀ. ਐੱਮ. ਵੱਲੋਂ ਸੁਖਪਾਲ ਖਹਿਰਾ ਤੋਂ ‘ਮੇਰੀ ਜਾਨ ਨੂੰ ਖ਼ਤਰਾ’ ਕਹਿਣਾ ਖਹਿਰਾ ਦੀਆਂ ਮੁਸ਼ਕਿਲਾਂ ਵਧਾਉਣ ਵੱਲ ਸੰਕੇਤ ਦੇ ਰਿਹਾ ਹੈ।
ਜੇਕਰ ਪਿਛਲੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਉਸ ਸਮੇਂ ਦੌਰਾਨ ਈ. ਡੀ. ਨੇ ਵਿਧਾਇਕ ਖਹਿਰਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਦਕਿ ਖਹਿਰਾ ਨੂੰ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਤੋਂ ਪਹਿਲਾਂ ਹੀ ਜ਼ਮਾਨਤ ਮਿਲ ਗਈ ਸੀ। ਇਸ ਤੋਂ ਇਲਾਵਾ ਖਹਿਰਾ 2012 ਵਿਚ ਭੁਲੱਥ ਹਲਕੇ ਵਿਚ ਵੀ ਵਿਵਾਦਾਂ ਵਿਚ ਘਿਰ ਗਏ ਸਨ, ਜਦੋਂ ਉਨ੍ਹਾਂ ਖ਼ਿਲਾਫ਼ ਥਾਣਾ ਭੁਲੱਥ ਵਿਚ ਕੇਸ ਦਰਜ ਹੋਇਆ ਸੀ।