ਪਟਨਾ- ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ‘ਚ ਇਕ ਹੀ ਪਰਿਵਾਰ ਦੀਆਂ 4 ਨਾਬਾਲਗ ਕੁੜੀਆਂ ਦੀ ਝੌਂਪੜੀ ‘ਚ ਅੱਗ ਲੱਗਣ ਕਾਰਨ ਝੁਲਸ ਕੇ ਮੌਤ ਹੋ ਗਈ। ਪੁਲਸ ਮੁਤਾਬਕ ਇਹ ਘਟਨਾ ਸੋਮਵਾਰ ਰਾਤ ਕਰੀਬ 10 ਵਜੇ ਸਦਰ ਪੁਲਸ ਸਟੇਸ਼ਨ ਦੇ ਅਧੀਨ ਰਾਮ ਦਿਆਲੂ ਇਲਾਕੇ ‘ਚ ਵਾਪਰੀ।
ਜਾਣਕਾਰੀ ਮੁਤਾਬਕ ਪੀੜਤ ਕੁੜੀਆਂ ਸੋਨੀ ਕੁਮਾਰੀ (12), ਸ਼ਿਵਾਨੀ ਕੁਮਾਰੀ (8), ਅੰਮ੍ਰਿਤਾ ਕੁਮਾਰੀ (5) ਅਤੇ ਰੀਟਾ ਕੁਮਾਰੀ (3) ਸਨ। ਕੁੜੀਆਂ ਸੁੱਤੀਆਂ ਹੋਈਆਂ ਸਨ ਜਦੋਂ ਅੱਗ ਨੇ ਉਨ੍ਹਾਂ ਦੀ ਝੌਂਪੜੀ ਨੂੰ ਆਪਣੀ ਲਪੇਟ ਵਿਚ ਲੈ ਲਿਆ। ਜਲਦੀ ਹੀ ਅੱਗ ਨਾਲ ਲੱਗਦੀਆਂ ਤਿੰਨ ਝੋਪੜੀਆਂ ‘ਚ ਫੈਲ ਗਈ।
ਇਸ ਹਾਦਸੇ ਵਿਚ 7 ਲੋਕ ਝੁਲਸ ਗਏ ਹਨ ਅਤੇ ਜ਼ਿਲ੍ਹੇ ਦੇ ਸ਼੍ਰੀਕ੍ਰਿਸ਼ਨ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਦਰ ਥਾਣੇ ਦੇ SHO ਸਤੇਂਦਰ ਮਿਸ਼ਰਾ ਨੇ ਦੱਸਿਆ ਕਿ ਇਹ ਇਕ ਦੁਖ਼ਦ ਘਟਨਾ ਸੀ, ਜੋ ਰਾਮ ਦਿਆਲੂ ਇਲਾਕੇ ਵਿਚ ਵਾਪਰੀ। ਹਾਦਸੇ ‘ਚ ਇਕ ਹੀ ਪਰਿਵਾਰ ਦੀਆਂ 4 ਨਾਬਾਲਗ ਕੁੜੀਆਂ ਦੀ ਮੌਤ ਹੋ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਅਸੀਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਹੈ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।