ਮੌਸਮ ਵਿੱਚ ਪੱਛਮੀ ਵਿਗਾੜ ਦਾ ਅਸਰ ਉੱਤਰੀ ਭਾਰਤ ’ਚ ਨਜ਼ਰ ਆਉਣ ਲੱਗਾ ਹੈ। ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਵਿੱਚ ਮਈ ਮਹੀਨੇ ਦੀ ਸ਼ੁਰੂਆਤ ’ਚ ਤੇਜ਼ ਮੀਂਹ ਤੇ ਬਰਫ਼ਬਾਰੀ ਹੋ ਰਹੀ ਹੈ, ਜਿਸ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਲੰਘੀ ਰਾਤ ਤੋਂ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਮੀਂਹ ਤੇ ਤੇਜ਼ ਹਵਾਵਾਂ ਚੱਲਣ ਕਰਕੇ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ, ਜਿਸ ਕਰਕੇ ਦਿਨ ਦੇ ਤਾਪਮਾਨ ਵਿੱਚ 10 ਤੋਂ 12 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਨੇ 2 ਤੋਂ 4 ਮਈ ਤੱਕ ਮੀਂਹ ਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ। ਵਿਭਾਗ ਨੇ 2 ਮਈ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ। ਮੰਗਲਵਾਰ ਨੂੰ ਮਾਲਵਾ, ਮਾਝਾ ਅਤੇ ਦੋਆਬਾ ਇਲਾਕੇ ਵਿੱਚ ਮੀਂਹ ਦੇ ਨਾਲ-ਨਾਲ ਗੜੇਮਾਰੀ ਵੀ ਹੋ ਸਕਦੀ ਹੈ। ਨਵਾਂ ਸ਼ਹਿਰ ਜ਼ਿਲ੍ਹੇ ’ਚ ਅੱਜ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ ਹੈ। ਇਥੇ ਦਿਨ ਸਮੇਂ ਤਾਪਮਾਨ 24.7 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ 12 ਡਿਗਰੀ ਘੱਟ ਸੀ। ਇਸੇ ਤਰ੍ਹਾਂ ਹੁਸ਼ਿਆਰਪੁਰ ’ਚ 25.4 ਡਿਗਰੀ ਸੈਲਸੀਅਸ, ਗੁਰਦਾਸਪੁਰ ’ਚ 25.6 ਡਿਗਰੀ, ਚੰਡੀਗੜ੍ਹ ’ਚ 25.7 ਡਿਗਰੀ, ਰੋਪੜ ਤੇ ਲੁਧਿਆਣਾ ’ਚ 26-26 ਡਿਗਰੀ, ਜਲੰਧਰ ’ਚ 26.9 ਡਿਗਰੀ, ਫਤਿਹਗੜ੍ਹ ਸਾਹਿਬ ’ਚ 27.5 ਡਿਗਰੀ, ਪਟਿਆਲਾ 27.7 ਡਿਗਰੀ, ਬਰਨਾਲਾ 27.8 ਡਿਗਰੀ, ਅੰਮ੍ਰਿਤਸਰ 28.4 ਡਿਗਰੀ, ਪਠਾਨਕੋਟ 28.5 ਡਿਗਰੀ ਤੇ ਮੋਗਾ ਵਿੱਚ 28.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ। ਇਹ ਘੱਟੋ-ਘੱਟੋ ਤਾਪਮਾਨ ਆਮ ਨਾਲੋਂ 10 ਤੋਂ 12 ਡਿਗਰੀ ਸੈਲਸੀਅਸ ਘੱਟ ਹਨ। ਮੌਸਮ ਵਿਗਿਆਨੀਆਂ ਨੇ ਕਿਹਾ ਕਿ ਅਗਲੇ ਤਿੰਨ ਦਿਨ ਤਾਪਮਾਨ ਵਿੱਚ ਕੋਈ ਬਹੁਤਾ ਬਦਲਾਅ ਨਹੀਂ ਹੋਵੇਗਾ।
ਚੰਡੀਗੜ੍ਹ ਵਿੱਚ ਤਾਪਮਾਨ 12 ਡਿਗਰੀ ਡਿੱਗਿਆ
ਚੰਡੀਗੜ੍ਹ: ਚੰਡੀਗੜ੍ਹ ਵਿੱਚ ਮੀਂਹ ਤੇ ਚੱਲ ਰਹੀਆਂ ਠੰਢੀਆਂ ਹਵਾਵਾਂ ਕਰ ਕੇ ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਸੈਲਸੀਅਸ ਹੇਠਾਂ ਡਿੱਗ ਗਿਆ ਹੈ। ਅੱਜ ਚੰਡੀਗੜ੍ਹ ’ਚ ਵੱਧ ਤੋਂ ਵੱਧ ਤਾਪਮਾਨ 25.7 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਗਿਆਨੀਆਂ ਨੇ ਕਿਹਾ ਕਿ 2011 ਤੋਂ ਬਾਅਦ ਕਦੇ ਵੀ ਮਈ ਮਹੀਨੇ ’ਚ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਦਰਜ ਨਹੀਂ ਕੀਤਾ ਗਿਆ।
ਸੂਬੇ ਦੀਆਂ ਮੰਡੀਆਂ ’ਚ ਕਣਕ ਭਿੱਜੀ
ਪੰਜਾਬ ਵਿੱਚ ਕਣਕ ਦੀ ਵਾਢੀ ਮਗਰੋਂ ਮੰਡੀਆਂ ਵਿੱਚ ਫਸਲ ਦੀ ਖਰੀਦ ਦਾ ਕੰਮ ਲਗਪਗ ਪੂਰਾ ਹੋ ਗਿਆ ਹੈ। ਹਾਲਾਂਕਿ ਮੰਡੀਆਂ ਵਿੱਚ ਕਣਕ ਦੀ ਫਸਲ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ, ਜਿਸ ਦੀ ਲਿਫਟਿੰਗ ਵਿੱਚ ਸਰਕਾਰ ਨਾਕਾਮ ਰਹੀ ਹੈ। ਉੱਧਰ ਲੰਘੀ ਰਾਤ ਮੀਂਹ ਪੈਣ ਕਰਕੇ ਮੰਡੀਆਂ ’ਚ ਖੁੱਲ੍ਹੇ ਅਸਮਾਨ ਹੇਠ ਪਈ ਫਸਲ ਭਿੱਜ ਗਈ। ਇਸ ਵਿਚੋਂ ਬਹੁਤੀ ਫਸਲ ਸਰਕਾਰ ਵੱਲੋਂ ਖਰੀਦੀ ਜਾ ਚੁੱਕੀ ਹੈ। ਗੌਰਤਲਬ ਹੈ ਕਿ ਏਜੰਸੀਆਂ ਵੱਲੋਂ ਖਰੀਦੀ ਫਸਲ ਦੀ ਲਿਫਟਿੰਗ ਨਾ ਹੋਣ ਕਰਕੇ ਫਸਲ ਮੰਡੀਆਂ ਵਿੱਚ ਹੀ ਰੁਲ ਰਹੀ ਹੈ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਿਫਟਿੰਗ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਪਰ ਹਕੀਕਤ ਬਿਲਕੁਲ ਉਲਟ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨ ਮੁੜ ਮੌਸਮ ਖਰਾਬ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ, ਜਿਸ ਨਾਲ ਖੁੱਲ੍ਹੇ ਅਸਮਾਨ ਹੇਠ ਪਈ ਫਸਲ ਦਾ ਹੋਰ ਵੀ ਨੁਕਸਾਨ ਹੋ ਸਕਦਾ ਹੈ।