ਦੁਨੀਆ ਲਈ ਵੱਡਾ ਖ਼ਤਰਾ !!

ਦੁਨੀਆਭਰ ’ਚ ਸਮੇਂ ਤੋਂ ਪਹਿਲਾਂ ਜਨਮੇ ਜਿਨ੍ਹਾਂ ਬੱਚਿਆਂ ’ਚ ਮੌਤ ਦਾ ਸਬੰਧ ਹਵਾ ਪ੍ਰਦੂਸ਼ਣ ਨਾਲ ਹੈ, ਉਨ੍ਹਾਂ ’ਚੋਂ 91 ਫ਼ੀਸਦੀ ਬੱਚਿਆਂ ਦੀ ਮੌਤ ਘੱਟ ਅਤੇ ਦਰਮਿਆਨੀ ਕਮਾਈ ਵਾਲੇ ਦੇਸ਼ਾਂ ’ਚ ਹੁੰਦੀ ਹੈ। ਸੰਯੁਕਤ ਰਾਸ਼ਟਰ ਦੀਆਂ ਵੱਖ-ਵੱਖ ਏਜੰਸੀਆਂ ਦੀ ਰਿਪੋਰਟ ’ਚ ਇਹ ਦਾਅਵਾ ਕੀਤਾ ਗਿਆ ਹੈ। ਰਿਪੋਰਟ ’ਚ ਕਿਹਾ ਗਿਆ ਕਿ ਜਲਵਾਯੂ ਤਬਦੀਲੀ ਲਈ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਅਮੀਰ ਦੇਸ਼ ਹਨ ਪਰ ਇਸ ਦਾ ਖਾਮਿਆਜਾ ਸਭ ਤੋਂ ਘੱਟ ਜ਼ਿੰਮੇਵਾਰ ਦੇਸ਼ਾਂ ਨੂੰ ਭੁਗਤਣਾ ਪੈ ਰਿਹਾ ਹੈ।

ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.), ਸੰਯੁਕਤ ਰਾਸ਼ਟਰ ਬਾਲ ਫੰਡ ( ਯੂਨਿਸੇਫ) ਅਤੇ ਮਾਵਾਂ, ਨਵ ਜਨਮੇ ਅਤੇ ਬਾਲ ਸਿਹਤ ਭਾਈਵਾਲੀ ਨੇ ਹਾਲ ’ਚ ‘ਬਾਰਨ ਟੂ ਸੂਨ : ਡਿਕੇਡ ਆਫ ਐਕਸ਼ਨ ਆਨ ਪ੍ਰੀਟਰਮ ਬਰਥ’ ਸਿਰਲੇਖ ਨਾਲ ਇਕ ਰਿਪੋਰਟ ਜਾਰੀ ਕੀਤੀ ਹੈ। ਇਸ ’ਚ ਗਰਭ ਅਵਸਥਾ ’ਤੇ ਜਲਵਾਯੂ ਤਬਦੀਲੀ ਦੇ ਕਈ ਸਿੱਧੇ ਅਤੇ ਅਸਿੱਧੇ ਪ੍ਰਭਾਵਾਂ ਕਾਰਨ ਮਰੇ ਹੋਏ ਬੱਚਿਆਂ ਦੇ ਜਨਮ, ਸਮੇਂ ਤੋਂ ਪਹਿਲਾਂ ਜਨਮ ਅਤੇ ਗਰਭ ਅਵਸਥਾ ਦੇ ਘੱਟ ਸਮੇਂ ਨੂੰ ਉਭਾਰਿਆ ਗਿਆ ਹੈ।

ਮਾਹਿਰਾਂ ਅਨੁਸਾਰ, ਜਲਵਾਯੂ ਤਬਦੀਲੀ ਗਰਮੀ, ਤੂਫਾਨ, ਹੜ੍ਹ, ਸੋਕੇ, ਜੰਗਲਾਂ ’ਚ ਲੱਗਣ ਵਾਲੀ ਅੱਗ ਅਤੇ ਹਵਾ ਪ੍ਰਦੂਸ਼ਣ ਤੋਂ ਇਲਾਵਾ ਭੋਜਨ ਦੀ ਅਸੁਰੱਖਿਆ, ਦੂਸ਼ਿਤ ਪਾਣੀ ਅਤੇ ਭੋਜਨ ਨਾਲ ਹੋਣ ਵਾਲੀਆਂ ਬੀਮਾਰੀਆਂ, ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ, ਪਲਾਇਨ ਅਤੇ ਸੰਘਰਸ਼ ਦੇ ਜ਼ਰੀਏ ਗਰਭ ਅਵਸਥਾ ਨੂੰ ਪ੍ਰਭਾਵਿਤ ਕਰਦੀ ਹੈ। ਅਜਿਹਾ ਅੰਦਾਜ਼ਾ ਹੈ ਕਿ ਹਵਾ ਪ੍ਰਦੂਸ਼ਣ ਕਾਰਨ ਹਰ ਸਾਲ 60 ਲੱਖ ਬੱਚਿਆਂ ਦਾ ਜਨਮ ਸਮੇਂ ਤੋਂ ਪਹਿਲਾਂ ਹੁੰਦਾ ਹੈ। ‘ਲੰਡਨ ਸਕੂਲ ਆਫ ਹਾਇਜੀਨ ਐਂਡ ਟ੍ਰਾਪਿਕਲ ਮੈਡੀਸਿਨ’ ’ਚ ਮੈਡੀਕਲ ਖੋਜ ਇਕਾਈ ਦੀ ਡਾਕਟਰ ਏਨਾ ਬੋਨੇਲ ਨੇ ਕਿਹਾ ਕਿ ਜੋ ਅਸਮਾਨਤਾ ਦਾ ਸਭ ਤੋਂ ਜ਼ਿਆਦਾ ਸ਼ਿਕਾਰ ਹਨ, ਉਨ੍ਹਾਂ ਨੂੰ ਜਲਵਾਯੂ ਤਬਦੀਲੀ ਕਾਰਨ ਸਭ ਤੋਂ ਵੱਧ ਨੁਕਸਾਨ ਹੁੰਦਾ ਹੈ।