Punjab Weather Report : ਪੰਜਾਬ ਵਿੱਚ 1 ਜੂਨ ਤੱਕ ਮੌਸਮ ਠੰਢਾ ਰਹੇਗਾ। ਮੌਸਮ ਵਿਭਾਗ ਨੇ ਤਿੰਨ ਦਿਨਾਂ ਲਈ ਬਾਰਸ਼ ਤੇ ਹਨ੍ਹੇਰੀ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਤਾਜ਼ਾ ਅਪਡੇਟ ਮੁਤਾਬਕ ਪੰਜਾਬ ’ਚ 30, 31 ਮਈ ਤੇ 1 ਜੂਨ ਤੱਕ ਕੁਝ ਥਾਵਾਂ ’ਤੇ ਹਲਕਾ ਮੀਂਹ ਤੇ 30-40 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ।
ਕਪਾਹ ਦੀ ਫਸਲ ਲਈ ਬਾਰਸ਼ ਨੁਕਸਾਨਦਾਇਕ
ਬੇਸ਼ੱਕ ਬਾਰਸ਼ ਨਾਲ ਗਰਮੀ ਤੋਂ ਰਾਹਤ ਮਿਲੀ ਹੈ ਪਰ ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਪੈ ਰਿਹਾ ਮੀਂਹ ਕਪਾਹ ਦੀ ਫਸਲ ਲਈ ਨੁਕਸਾਨਦਾਇਕ ਸਿੱਧ ਹੋਵੇਗਾ। ਇਸ ਸਮੇਂ ਮੀਂਹ ਪੈਣ ਕਰਕੇ ਨਰਮਾ ਕਰੰਡ ਹੋ ਜਾਵੇਗਾ। ਇਸ ਤੋਂ ਇਲਾਵਾ ਝੋਨੇ ਦੀ ਖੇਤੀ ਕਰਨ ਵਾਲਿਆਂ ਲਈ ਇਹ ਮੀਂਹ ਲਾਹੇਵੰਦ ਸਾਬਤ ਹੋਵੇਗਾ। ਦੂਜੇ ਪਾਸੇ ਇਹ ਮੀਂਹ ਪਾਵਰਕੌਮ ਲਈ ਵੀ ਵਰਦਾਨ ਸਾਬਤ ਹੋਇਆ ਹੈ ਤੇ ਗਰਮੀ ਘਟਣ ਕਾਰਨ ਬਿਜਲੀ ਦੀ ਮੰਗ ਵੀ ਘੱਟ ਗਈ ਹੈ, ਜਿਸ ਕਰਕੇ ਪਾਵਰਕੌਮ ਵੀ ਸੁੱਖ ਦੀ ਸਾਹ ਲੈ ਰਿਹਾ ਹੈ।
ਸੋਮਵਾਰ ਨੂੰ ਕਈ ਸ਼ਹਿਰ ਹੋਏ ਜਲਥਲ
ਦੱਸ ਦਈਏ ਕਿ ਪੰਜਾਬ ਵਿੱਚ ਸੋਮਵਾਰ ਬਾਅਦ ਦੁਪਹਿਰ ਹਨੇਰੀ ਤੋਂ ਬਾਅਦ ਪਏ ਮੀਂਹ ਤੇ ਗੜਿਆਂ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ। ਇਸੇ ਦੌਰਾਨ ਮੁਹਾਲੀ ਦੇ ਨਵਾਂ ਗਾਉਂ ਨੇੜੇ ਤੇ ਫਤਿਹਗੜ੍ਹ ਸਾਹਿਬ ਦੇ ਕੁਝ ਇਲਾਕਿਆਂ ਵਿੱਚ ਗੜੇ ਪਏ। ਮੀਂਹ ਕਾਰਨ ਕਈ ਸ਼ਹਿਰਾਂ ਦੀਆਂ ਸੜਕਾਂ ਜਲਥਲ ਹੋ ਗਈਆਂ ਜਿਸ ਕਾਰਨ ਵਾਹਨ ਚਾਲਕਾਂ ਤੇ ਹੋਰ ਰਾਹਗੀਰਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਕਈ ਥਾਵਾਂ ’ਤੇ ਨੀਵੇਂ ਇਲਾਕਿਆਂ ’ਚ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜਧਾਨੀ ਚੰਡੀਗੜ੍ਹ ਵਿੱਚ ਸੋਮਵਾਰ ਨੂੰ 27.9 ਐਮਐਮ ਮੀਂਹ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ’ਚ 16.5 ਐਮਐਮ, ਫਿਰੋਜ਼ਪੁਰ ’ਚ 11 ਐਮਐਮ, ਮੁਹਾਲੀ ’ਚ ਇਕ ਐਮਐਮ ਮੀਂਹ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਪਟਿਆਲਾ, ਲੁਧਿਆਣਾ, ਜਲੰਧਰ, ਪਠਾਨਕੋਟ ਸਣੇ ਹੋਰਨਾਂ ਇਲਾਕਿਆਂ ਵਿੱਚ ਵੀ ਮੀਂਹ ਪਿਆ।
ਪਾਰਾ ਆਮ ਨਾਲੋਂ 4 ਤੋਂ 5 ਡਿਗਰੀ ਸੈਲਸੀਅਸ ਤੱਕ ਘਟਿਆ
ਮੀਂਹ ਪੈਣ ਕਾਰਨ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 35.8 ਡਿਗਰੀ ਸੈਲਸੀਅਸ, ਅੰਮ੍ਰਿਤਸਰ ਦਾ 35.3 ਡਿਗਰੀ ਸੈਲਸੀਅਸ, ਲੁਧਿਆਣਾ ਦਾ 35.6 ਡਿਗਰੀ ਸੈਲਸੀਅਸ, ਪਟਿਆਲਾ ਦਾ 36.1 ਡਿਗਰੀ ਸੈਲਸੀਅਸ, ਗੁਰਦਾਸਪੁਰ ਦਾ 33 ਡਿਗਰੀ ਸੈਲਸੀਅਸ, ਨਵਾਂ ਸ਼ਹਿਰ ਦਾ 32.2 ਡਿਗਰੀ ਸੈਲਸੀਅਸ, ਬਰਨਾਲਾ ਦਾ 31.5 ਡਿਗਰੀ ਸੈਲਸੀਅਸ, ਫਰੀਦਕੋਟ ਦਾ 33.7 ਡਿਗਰੀ ਸੈਲਸੀਅਸ, ਫਤਹਿਗੜ੍ਹ ਸਾਹਿਬ ਦਾ 36.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਸੇ ਤਰ੍ਹਾਂ ਫਿਰੋਜ਼ਪੁਰ ਦਾ 32.7 ਡਿਗਰੀ ਸੈਲਸੀਅਸ, ਹੁਸ਼ਿਆਰਪੁਰ ਦਾ 35.4 ਡਿਗਰੀ ਸੈਲਸੀਅਸ, ਜਲੰਧਰ ਦਾ 32 ਡਿਗਰੀ ਸੈਲਸੀਅਸ, ਮੋਗਾ ਦਾ 32.2 ਡਿਗਰੀ ਸੈਲਸੀਅਸ, ਮੁਹਾਲੀ ਦਾ 36.3 ਡਿਗਰੀ ਸੈਲਸੀਅਸ ਤੇ ਰੋਪੜ ਦਾ ਵੱਧ ਤੋਂ ਵੱਧ ਤਾਪਮਾਨ 34.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਹ ਤਾਪਮਾਨ ਆਮ ਨਾਲੋਂ 4 ਤੋਂ 5 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਹੈ।