ਗੁਰਦਾਸਪੁਰ (ਹਰਮਨ) – ਇਸ ਸਾਲ ਬੇਮੌਸਮੇ ਮੀਂਹ ਨੇ ਜਿੱਥੇ ਕਣਕ ਦੀ ਫਸਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ, ਉਸਦੇ ਨਾਲ ਹੀ ਫਲ-ਸਬਜ਼ੀਆਂ ਦਾ ਵੀ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਖਾਸ ਤੌਰ ’ਤੇ ਪਿਛਲੇ ਕਰੀਬ ਇਕ ਹਫਤੇ ਦੌਰਾਨ ਕਰੀਬ ਤਿੰਨ ਵਾਰ ਆਏ ਵੱਡੇ ਤੂਫਾਨ ਅਤੇ ਇਕ ਵਾਰ ਹੋਈ ਜ਼ਬਰਦਸਤ ਗੜੇਮਾਰੀ ਨੇ ਅੰਬ ਅਤੇ ਲੀਚੀ ਦੇ ਬਾਗਾਂ ਦਾ ਵੱਡਾ ਨੁਕਸਾਨ ਕੀਤਾ ਹੈ ਪਰ ਸਰਕਾਰ ਵਲੋਂ ਬਾਗਬਾਨਾਂ ਨੂੰ ਮੁਆਵਜ਼ਾ ਦੇਣ ਲਈ ਕੋਈ ਵੀ ਨੀਤੀ ਨਾ ਬਣਾਏ ਜਾਣ ਕਾਰਨ ਬਾਗਬਾਨ ਨਿਰਾਸ਼ ਨਜ਼ਰ ਆ ਰਹੇ ਹਨ।
ਗੁਰਦਾਸਪੁਰ ਨੇੜਲੇ ਪਿੰਡ ਬਰਿਆਰ ਵਿਖੇ ਕਰੀਬ 10 ਏਕੜ ਲੀਚੀ ਦੇ ਬਾਗ ਦੇ ਮਾਲਕ ਦਿਲਬਾਗ ਸਿੰਘ ਲਾਲੀ ਚੀਮਾ ਨੇ ਦੱਸਿਆ ਕਿ ਉਸਨੇ ਕਰੀਬ 35 ਸਾਲ ਪਹਿਲਾਂ ਲੀਚੀ ਦਾ ਬਾਗ ਲਗਾਇਆ ਸੀ, ਜੋ ਕਰੀਬ 10 ਸਾਲ ਬਾਅਦ ਤਿਆਰ ਹੋਇਆ ਅਤੇ ਹੁਣ ਉਹ 25 ਸਾਲ ਤੋਂ ਇਸਦਾ ਫਲ ਵੇਚਦਾ ਆ ਰਿਹਾ ਹੈ। ਉਸਨੇ ਦੱਸਿਆ ਕਿ ਆਮ ਤੌਰ ’ਤੇ ਲੀਚੀ ਦਾ ਇਕ ਬੂਟਾ ਇਕ ਸੀਜ਼ਨ ’ਚ ਕਰੀਬ 80 ਕਿੱਲੋ ਫਲ ਦਿੰਦਾ ਹੈ ਪਰ ਇਸ ਸਾਲ ਪਏ ਬੇਮੌਸਮੇ ਮੀਂਹ ਅਤੇ ਹਨੇਰੀ-ਝੱਖੜ ਕਾਰਨ ਬਾਗ ਦਾ ਇੰਨਾ ਨੁਕਸਾਨ ਹੋਇਆ ਹੈ ਕਿ ਜ਼ਿਆਦਾਤਰ ਬੂਟਿਆਂ ਉੱਤੇ ਬਹੁਤ ਮੁਸ਼ਕਿਲ ਨਾਲ 5 ਤੋਂ 7 ਕਿੱਲੋ ਫਲ ਹੀ ਬਚਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਹਨੇਰੀ ਅਤੇ ਗੜੇਮਾਰੀ ਨਾਲ ਉਸਦੇ ਬਾਗ ’ਚ ਲੱਗੇ ਕਰੀਬ 400 ਬੂਟੇ ਪ੍ਰਭਵਿਤ ਹੋਏ ਹਨ, ਜਿਸ ਕਾਰਨ ਉਸਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ ਗੁਰਦਾਸਪੁਰ ਅਤੇ ਆਸ-ਪਾਸ ਇਲਾਕੇ ’ਚ ਕਰੀਬ 40 ਹੈੱਕਟੇਅਰ ਜ਼ਮੀਨ ’ਤੇ ਲੱਗੇ ਲੀਚੀ ਦੇ ਬਾਗ ਵੀ ਇਸ ਬੇਮੌਸਮੀ ਆਫਤ ਦੀ ਮਾਰ ਹੇਠ ਆਏ ਹਨ। ਉਨ੍ਹਾਂ ਕਿਹਾ ਕਿ ਹਨੇਰੀ-ਝੱਖੜ ਕਾਰਨ ਜਿੱਥੇ ਫਲ ਝੜ ਗਿਆ ਹੈ, ਨਾਲ ਹੀ ਜਿਹੜਾ ਫਲ ਬੂਟਿਆਂ ’ਤੇ ਰਹਿ ਗਿਆ ਹੈ, ਉਸ ਦੀ ਵੀ ਗੜਿਆਂ ਕਾਰਨ ਕੁਆਲਿਟੀ ਖਰਾਬ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਬਚੇ ਹੋਏ ਫਲ ਦੀ ਗ੍ਰੇਡਿੰਗ ਕਰਨ ’ਚ ਵੀ ਖਰਚਾ ਵਧੇਗਾ। ਇਸ ਕਾਰਨ ਉਨ੍ਹਾਂ ਨੂੰ ਦੋਹਰਾ ਨੁਕਸਾਨ ਹੋ ਰਿਹਾ ਹੈ। ਚੀਮਾ ਨੇ ਦੱਸਿਆ ਕਿ ਬੇਸ਼ੱਕ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਬਾਗ ਦਾ ਦੌਰਾ ਕਰ ਕੇ ਖਰਾਬ ਹੋਏ ਬੂਟਿਆਂ ਦਾ ਜਾਇਜ਼ਾ ਲਿਆ ਹੈ ਪਰ ਅਜੇ ਤਕ ਸਰਕਾਰ ਵਲੋਂ ਬਾਗਬਾਨਾਂ ਨੂੰ ਮੁਆਵਜ਼ਾ ਦੇਣ ਸਬੰਧੀ ਕੋਈ ਵੀ ਪਾਲਿਸੀ ਨਾ ਬਣਾਏ ਜਾਣ ਕਾਰਨ ਉਨ੍ਹਾਂ ਨੂੰ ਸਰਕਾਰ ਕੋਲੋਂ ਕੋਈ ਵੀ ਮੁਆਵਜ਼ਾ ਮਿਲਣ ਦੀ ਉਮੀਦ ਨਹੀਂ ਹੈ।
ਉਨ੍ਹਾਂ ਕਿਹਾ ਕਿ ਹੁਣ ਮਾਨ ਸਰਕਾਰ ਅਜਿਹੀ ਪਾਲਿਸੀ ਬਣਾਉਣ ਦੀ ਵਿਚਾਰ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਜੇਕਰ ਸਰਕਾਰ ਪਾਲਿਸੀ ਬਣਾਉਣ ’ਚ ਸਫਲ ਰਹੀ ਤਾਂ ਬਾਗਬਾਨ ਇਸ ਕੰਮ ’ਚ ਸਫਲ ਹੋ ਸਕਣਗੇ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਨੁਕਸਾਨ ਦਾ ਸਾਹਮਣਾ ਕਰ ਰਹੇ ਬਾਗਬਾਨ ਬਾਗ ਪੁੱਟਣ ਲਈ ਮਜਬੂਰ ਹੋ ਜਾਣਗੇ।
‘ਸਰਕਾਰ ਬਾਗਾਂ ਦਾ ਬੀਮਾ ਕਰਵਾਉਣ ਦੇ ਨਾਲ-ਨਾਲ ਕਰੇ ਮੁਆਵਜ਼ਾ ਨੀਤੀ ਦਾ ਐਲਾਨ ’
ਲੀਚੀਆਂ ਦੇ ਬਾਗਾਂ ਦੇ ਹੋਏ ਨੁਕਸਾਨ ਦੇ ਨਾਲ-ਨਾਲ ਅੰਬ ਦੇ ਬੂਟਿਆਂ ਨੂੰ ਵੀ ਗੜੇਮਾਰੀ ਅਤੇ ਤੂਫਾਨ ਨੇ ਨੁਕਸਾਨ ਪਹੁੰਚਾਇਆ ਹੈ। ਚੀਮਾ ਨੇ ਦੱਸਿਆ ਕਿ ਉਨ੍ਹਾਂ ਦੇ ਬਾਗ ’ਚ ਲੱਗੇ ਅੰਬ ਦੇ ਬੂਟੇ ਵੀ ਨੁਕਸਾਨੇ ਗਏ ਹਨ ਅਤੇ ਅੰਬ ਦਾ ਫਲ ਝੜ ਜਾਣ ਕਾਰਨ ਇਸ ’ਚ ਵੀ ਵੱਡਾ ਘਾਟਾ ਪਿਆ ਹੈ। ਉਨ੍ਹਾਂ ਮੰਗ ਕੀਤੀ ਕਿ ਫਸਲੀ ਵਿਭਿੰਨਤਾ ਲਿਆਉਣ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਬਾਗਾਂ ਦਾ ਬੀਮਾ ਕਰਵਾਏ ਅਤੇ ਨਾਲ ਹੀ ਇਸ ਤਰ੍ਹਾਂ ਕੁਦਰਤੀ ਆਫਤਾਂ ਨਾਲ ਹੋਣ ਵਾਲੇ ਨੁਕਸਾਨ ਦੀ ਭਰਪਾਈ ਲਈ ਮੁਆਵਜ਼ਾ ਦੇਣ ਵਾਲੀ ਨੀਤੀ ਦਾ ਐਲਾਨ ਕਰੇ।