ਅੰਮ੍ਰਿਤਸਰੀਆਂ ਨੇ ਇਸ ਵਾਰ ਕਣਕ ਦੀ ਪੈਦਾਵਾਰ ਦੇ ਰਿਕਾਰਡ ਤੋੜਿਆ ਹੈ। ਇਸ ਵਾਰ ਮੰਡੀਆਂ ਵਿੱਚ ਪਿਛਲੇ ਸਾਲ ਨਾਲ 16 ਫੀਸਦੀ ਵੱਧ ਕਣਕ ਦੀ ਆਮਦ ਹੋਈ ਹੈ। ਬੇਸ਼ੱਕ ਇਹ ਰੁਝਾਨ ਸਾਰੇ ਪੰਜਾਬ ਵਿੱਚ ਵੇਖਣ ਨੂੰ ਮਿਲਿਆ ਹੈ ਪਰ ਅਹਿਮ ਗੱਲ ਹੈ ਕਿ ਜ਼ਿਲ੍ਹੇ ਅੰਦਰ ਮੌਸਮ ਦੀ ਖਰਾਬੀ ਦੇ ਬਾਵਜੂਦ ਇਸ ਵਾਰ 16 ਫੀਸਦੀ ਵੱਧ ਕਣਕ ਦੀ ਆਮਦ ਹੋਈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਦੱਸਿਆ ਕਿ ਇਸ ਵਾਰ ਜ਼ਿਲ੍ਹੇ ਵਿੱਚ ਕੁੱਲ 7,37447 ਮੀਟਰਕ ਟਨ ਕਣਕ ਦੀ ਆਮਦ ਹੋਈ ਹੈ ਜੋ ਕਿ ਪਿਛਲੇ ਵਰ੍ਹੇ ਨਾਲੋਂ 16 ਫੀਸਦ ਵੱਧ ਹੈ। ਮੰਡੀਆਂ ਵਿੱਚ ਆਈ ਕਣਕ ਵਿਚੋਂ 6,87256 ਮੀਟਰਕ ਟਨ ਸਰਕਾਰੀ ਖਰੀਦ ਹੈ ਜੋ ਕਿ ਕੁੱਲ ਆਮਦ ਦਾ ਲਗਪਗ 93 ਫੀਸਦੀ ਬਣਦੀ ਹੈ।
ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਏਜੰਸੀਆਂ ਵੱਲੋਂ 50191 ਮੀਟਰਕ ਟਨ ਕਣਕ ਜੋ ਕਿ ਲੱਗਭੱਗ 7 ਫੀਸਦੀ ਬਣਦੀ ਹੈ, ਦੀ ਖਰੀਦ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਕਣਕ ਦਾ ਭਾਅ ਸਰਕਾਰ ਵੱਲੋਂ 2125 ਰੁਪਏ ਨਿਸ਼ਚਤ ਕੀਤਾ ਗਿਆ ਸੀ ਪਰ ਕੁਝ ਏਜੰਸੀਆਂ ਵੱਲੋਂ 2130 ਰੁਪਏ ਤੱਕ ਵੀ ਖਰੀਦ ਕੀਤੀ ਗਈ ਹੈ।
ਉਧਰ, ਖੇਤੀਬਾੜੀ ਮਾਹਿਰਾਂ ਨੇ ਕਿਹਾ ਕਿ ਜਿਨ੍ਹਾਂ ਖੇਤਾਂ ਵਿੱਚ ਪਰਾਲੀ ਸਾੜਨ ਦੀ ਥਾਂ ਖੇਤਾਂ ਵਿੱਚ ਵਾਹੀ ਗਈ ਹੈ, ਉਨ੍ਹਾਂ ਦੀ ਕਣਕ ਦਾ ਝਾੜ ਆਮ ਨਾਲੋਂ ਵੱਧ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੰਮ੍ਰਿਤਸਰ ਦਾਣਾ ਮੰਡੀ ਵਿੱਚ ਪਿਛਲੇ ਸਾਲ 2022-23 ਦੌਰਾਨ 69693 ਮੀਟਰਕ ਟਨ ਕਣਕ ਦੀ ਖਰੀਦ ਹੋਈ ਸੀ ਜੋ ਕਿ ਇਸ ਵਾਰ ਵੱਧ ਕੇ 83976 ਮੀਟਰਕ ਟਨ ਹੋਈ ਹੈ।