05/19/2024 4:34 AM

ਭਾਰਤ ਦੇ ਲੋਕ ਬਣੇ ‘ਸੁਪਰਮੂਨ’ ਦੀ ਸ਼ਾਨਦਾਰ ਘਟਨਾ ਦੇ ਗਵਾਹ

ਕੋਲਕਾਤਾ :– ਭਾਰਤ ਦੇ ਲੋਕ ਦੁਨੀਆ ਦੇ ਹੋਰ ਲੋਕਾਂ ਨਾਲ ਇਸ ਮਹੀਨੇ ਵਿਚ ਪਹਿਲੇ ‘ਸੁਪਰਮੂਨ’ ਦੇ ਗਵਾਹ ਬਣੇ। ਇਸ ਮਹੀਨੇ ਦੋ ਵਾਰ ‘ਸੁਪਰਮੂਨ’ ਦੀ ਘਟਨਾ ਵੇਖਣ ਨੂੰ ਮਿਲੇਗੀ। ਐੱਮ. ਪੀ. ਬਿੜਲਾ ਤਾਰਾਮੰਡਲ ਦੇ ਸਾਬਕਾ ਡਾਇਰੈਕਟਰ ਦੇਬੀਪ੍ਰਸਾਦ ਦੁਆਰੀ ਨੇ ਇਹ ਜਾਣਕਾਰੀ ਦਿੱਤੀ। ਘਟਨਾ ਬਾਰੇ ਦੱਸਦਿਆਂ ਖਗੋਲ ਵਿਗਿਆਨੀ ਦੁਆਰੀ ਨੇ ਕਿਹਾ ਕਿ ਚੰਦਰਮਾ 27.3 ਦਿਨਾਂ ਵਿਚ ਇਕ ਵਾਰ ਅੰਡਾਕਾਰ ਔਰਬਿਟ ‘ਚ ਧਰਤੀ ਦੇ ਚਾਰੋਂ ਪਾਸੇ ਚੱਕਰ ਲਾਉਂਦਾ ਹੈ। ਨਤੀਜੇ ਵਜੋਂ ਆਪਣੀ ਔਰਬਿਟ ‘ਚ ਕਿਸੇ ਬਿੰਦੂ ‘ਤੇ ਇਹ ਧਰਤੀ ਤੋਂ ਸਭ ਤੋਂ ਦੂਰ ਹੋਵੇਗਾ। ਦੂਰ ਦੇ ਬਿੰਦੂ ਨੂੰ ‘ਐਪੋਜੀ’ ਕਿਹਾ ਜਾਂਦਾ ਹੈ ਅਤੇ ਧਰਤੀ ਦੇ ਸਭ ਤੋਂ ਨੇੜੇ ਹੋਣ ਦੀ ਸਥਿਤੀ ਨੂੰ ‘ਪੈਰੀਜੀ’ ਕਿਹਾ ਜਾਂਦਾ ਹੈ।

ਦੁਆਰੀ ਨੇ ਦੱਸਿਆ ਕਿ ਜਦੇਂ ‘ਪੈਰੀਜੀ’ ਦੇ ਸਮੇਂ ਚੰਨ ਧਰਤੀ ਦੇ ਸਭ ਤੋਂ ਨੇੜੇ ਹੁੰਦਾ ਹੈ ਤਾਂ ਉਸ ਨੂੰ ਸੁਪਰਮੂਨ ਕਹਿੰਦੇ ਹਨ, ਕਿਉਂਕਿ ਉਸ ਦਾ ਆਕਾਰ ਆਮ ਨਾਲੋਂ ਵੱਡਾ ਦਿੱਸਦਾ ਹੈ। ਉਨ੍ਹਾਂ ਨੇ ਕਿਹਾ ਕਿ ਆਖ਼ਰੀ ਵਾਰ ਇਕ ਹੀ ਮਹੀਨੇ ਵਿਚ ਦੋ ਸੁਪਰਮੂਨ 2018 ‘ਚ ਵੇਖੇ ਗਏ ਸਨ ਅਤੇ ਅਜਿਹੀ ਅਗਲੀ ਘਟਨਾ 2037 ਵਿਚ ਵੇਖੀ ਜਾਵੇਗੀ। ਸੁਪਰਮੂਨ ਮੁੜ ਇਸ ਮਹੀਨੇ ਦੇ ਅਖ਼ੀਰ ਵਿਚ 30 ਅਗਸਤ ਨੂੰ ਵਿਖਾਈ ਦੇਵੇਗਾ। ਦੁਆਰੀ ਨੇ ਕਿਹਾ ਕਿ ਪਿਛਲੀ ਵਾਰ ਅਗਸਤ 2018 ‘ਚ ਸੁਪਰਮੂਨ ਦੀ ਖਗੋਲੀ ਘਟਨਾ ਵੇਖਣ ਨੂੰ ਮਿਲੀ ਸੀ।

ਇਹ ਉਤਸ਼ਾਹਜਨਕ ਹੈ ਕਿਉਂਕਿ ਇਤਫ਼ਾਕ ਨਾਲ ਚੰਦਰਯਾਨ-3 ਦਾ ਮਾਡਿਊਲ ਚੰਦਰਮਾ ਦੇ ਔਰਬਿਟ ਵੱਲ ਵਧੇਗਾ। ਚੰਦਰਯਾਨ-3 23 ਅਗਸਤ ਨੂੰ ਚੰਦਰਮਾ ‘ਤੇ ਉਤਰੇਗਾ। ਦੁਆਰੀ ਨੇ ਕਿਹਾ ਕਿ ਚੰਦਰਮਾ ਅੰਡਾਕਾਰ ਚੱਕਰ ‘ਚ ਘੁੰਮਦਾ ਹੋਇਆ 27.3 ਦਿਨਾਂ ‘ਚ ਧਰਤੀ ਦਾ ਚੱਕਰ ਲਗਾਉਂਦਾ ਹੈ।

ਨਤੀਜੇ ਵਜੋਂ ਔਰਬਿਟ ‘ਚ ਇਕ ਸਮਾਂ ਹੁੰਦਾ ਹੈ, ਜਦੋਂ ਇਹ ਧਰਤੀ ਤੋਂ ਸਭ ਤੋਂ ਦੂਰ ਹੁੰਦਾ ਹੈ ਅਤੇ ਉਸ ਬਿੰਦੂ ਨੂੰ ਐਪੋਜੀ ਕਿਹਾ ਜਾਂਦਾ ਹੈ ਅਤੇ ਜਦੋਂ ਇਹ ਸਭ ਤੋਂ ਨੇੜੇ ਆਉਂਦਾ ਹੈ ਤਾਂ ਉਸ ਬਿੰਦੂ ਨੂੰ ਪੈਰੀਜੀ ਕਿਹਾ ਜਾਂਦਾ ਹੈ।